ਜੋਗਿੰਦਰ ਸਿੰਘ ਮਾਨ
ਮਾਨਸਾ, 4 ਦਸੰਬਰ
ਮਾਲਵਾ ਖੇਤਰ ਵਿੱਚ ਅੱਧੇ ਮੱਘਰ ਤੋਂ ਬਾਅਦ ਦਿਨ ਦੀ ਗਰਮੀ ਨੇ ਕਿਸਾਨਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ, ਜਿਸ ਕਾਰਨ ਅੰਨਦਾਤਾ ਨੇ ਮਜਬੂਰ ਹੋ ਕੇ ਕਣਕ ਦੀ ਛੋਟੀ ਫ਼ਸਲ ਨੂੰ ਪਾਣੀ ਲਾਉਣਾ ਆਰੰਭ ਕਰ ਦਿੱਤਾ ਹੈ। ਇਸ ਵੇਲੇ ਭਾਵੇਂ ਰਾਤ ਦੇ ਤਾਪਮਾਨ ਵਿੱਚ ਕਮੀ ਆਈ ਹੈ, ਪਰ ਦਿਨ ਦਾ ਤਾਪਮਾਨ ਲਗਪਗ 26 ਡਿਗਰੀ ਸੈਂਟੀਗਰੇਡ ਹੋਣ ਕਾਰਨ ਛੋਟੀਆਂ ਫ਼ਸਲਾਂ ਨੂੰ ਗਰਮੀ ਸਹਿਣੀ ਪੈ ਰਹੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਦੀ ਫ਼ਟਾਰੇ ਲਈ ਠੰਢ ਦਾ ਹੋਣਾ ਬੇਹੱਦ ਜ਼ਰੂਰੀ ਹੈ, ਜੋ ਅਜੇ ਪੈਣ ਨਹੀਂ ਲੱਗੀ ਹੈ।
ਵੇਰਵਿਆਂ ਅਨੁਸਾਰ ਮਾਲਵਾ ਖੇਤਰ ਵਿੱਚ ਭਾਵੇਂ ਕਣਕ ਦੀ ਬਿਜਾਈ ਅਕਸਰ ਲੇਟ ਹੋ ਜਾਂਦੀ ਹੈ, ਪਰ ਹੁਣ ਕੁੱਝ ਸਮੇਂ ਇਸ ਖੇਤਰ ਵਿੱਚ ਝੋਨੇ ਹੇਠ ਵਧੇ ਰਕਬੇ ਕਾਰਨ ਅਤੇ ਬੀਟੀ ਕਾਟਨ ਉਤੇ ਇਸ ਵਾਰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਬਹੁਤੇ ਕਿਸਾਨਾਂ ਨੇ ਨਰਮੇ ਦੀ ਖੜ੍ਹੀ ਫ਼ਸਲ ਨੂੰ ਹੀ ਵਾਹ ਦਿੱਤਾ ਸੀ। ਇਸ ਕਾਰਨ ਖੇਤ ਅਗੇਤੇ ਖਾਲੀ ਹੋ ਗਏ। ਇਨ੍ਹਾਂ ਖਾਲੀ ਹੋਏ ਖੇਤਾਂ ਵਿੱਚ ਕਿਸਾਨਾਂ ਨੇ ਅਗੇਤੀ ਕਣਕ ਦੀ ਬਿਜਾਈ ਕਰ ਦਿੱਤੀ, ਪਰ ਹੁਣ ਲਗਾਤਾਰ ਦਿਨ ਦੀ ਕੜਕਵੀਂ ਧੁੱਪ ਦੌਰਾਨ ਆਮ ਲੋਕਾਂ ਨੂੰ ਵੀ ਗਰਮੀ ਦਾ ਅਹਿਸਾਸ ਹੋਣ ਲੱਗਿਆ ਹੈ, ਜਦੋਂਕਿ ਦਿਨ ਵੇਲੇ ਫ਼ਸਲਾਂ ਵੀ ਵੱਧ ਤਾਪਮਾਨ ਦਾ ਸਾਹਮਣਾ ਕਰ ਰਹੀਆਂ ਹਨ। ਆਪਣੀਆਂ ਫ਼ਸਲਾਂ ਦੀ ਰਾਖੀ ਲਈ ਕਿਸਾਨ ਪਾਣੀ ਦੇਣ ਲੱਗੇ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਸੁਪਰ ਸੀਡਰ ਨਾਲ ਝੋਨੇ ਦੀ ਖੜ੍ਹੀ ਪਰਾਲੀ ਸਾੜੇ ਬਿਨਾਂ ਕਣਕ ਬੀਜੀ ਗਈ ਸੀ ਅਤੇ ਹੁਣ ਉਸ ਨੂੰ ਵੱਧ ਤਾਪਮਾਨ ਦਾ ਸਾਹਮਣਾ ਕਰਨਾ ਪੈਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਨਹਿਰਾਂ ਵਿੱਚ ਪਾਣੀ ਪੂਰੀ ਮਾਤਰਾ ਵਿੱਚ ਨਾ ਛੱਡਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਜਦੋਂਕਿ ਖੇਤੀ ਮੋਟਰਾਂ ਨਾਲ ਕਣਕ ਨੂੰ ਗਰਮੀ ਤੋਂ ਬਚਾਉਣ ਲਈ ਪਾਣੀ ਲਾਉਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਹਿਰੀ ਪਾਣੀ ਵੱਧ ਮਾਤਰਾ ਵਿੱਚ ਛੱਡਣ ਦੇ ਨਾਲ-ਨਾਲ ਸਹਿਕਾਰੀ ਸਭਾਵਾਂ ਨੂੰ ਯੂਰੀਆ ਖਾਦ ਤੁਰੰਤ ਭੇਜੀ ਜਾਵੇ।
ਇਸੇ ਦੌਰਾਨ ਖੇਤੀਬਾੜੀ ਵਿਭਾਗ ਦੇ ਮੁੱਖ ਜ਼ਿਲ੍ਹਾ ਅਫ਼ਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਦੱਸਿਆ ਕਿ ਆਮ ਤੌਰ ‘ਤੇ ਕਣਕ ਨੂੰ 5 ਹਫ਼ਤਿਆਂ ਬਾਅਦ ਪਹਿਲਾ ਪਾਣੀ ਦੇਣਾ ਲਾਜ਼ਮੀ ਹੁੰਦੀ ਹੈ, ਪਰ ਇਸ ਵਾਰ ਦਿਨ ਦੀ ਗਰਮੀ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਪਾਣੀ ਦੇਣਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਕਣਕ ਨੂੰ ਪਾਣੀ ਲਾ ਰਹੇ ਹਨ, ਉਹ ਨਦੀਨ ਸਮੇਤ ਗੁੱਲੀ-ਡੰਡੇ ਨੂੰ ਉਘਰਨ ਤੋਂ ਰੋਕਣ ਲਈ ਪਹਿਲਾਂ ਸਪਰੇਅ ਕਰ ਸਕਦੇ ਹਨ।
ਧੁੰਦ ਪੈਣ ਦੀਆਂ ਸੰਭਾਵਨਾਵਾਂ
ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕਰਦਿਆਂ ਅਗਲੇ 72 ਘੰਟਿਆਂ ਦੌਰਾਨ ਸੰਘਣੀ ਧੁੰਦ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਣਾ ਹੈ। ਭਾਵੇਂ ਇਹ ਧੁੰਦ ਮਾਲਵਾ ਖੇਤਰ ਵਿੱਚ ਮਾਝੇ-ਦੁਆਬੇ ਦੀ ਮੁਕਾਬਲੇ ਇਸ ਵਾਰ ਘੱਟ ਵਿਖਾਈ ਦੇਵੇਗੀ, ਪਰ ਇਸ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਬਣੇਗੀ ਅਤੇ ਦਿਨ ਵੇਲੇ ਧੁੱਪ ਘੱਟ ਵਿਖਾਈ ਦੇਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਇੱਕ ਰਿਪੋਰਟ ਅਨੁਸਾਰ ਪੱਛਮੀ ਮਾਲਵੇ ਦੇ ਫਿਰੋਜ਼ਪੁਰ ਅਤੇ ਮੋਗਾ ਅਤੇ ਪੂਰਬੀ ਮਾਲਵੇ ਦੇ ਲੁਧਿਆਣਾ,ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ।