ਸੂਬਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਧਨੌਲਾ ਅਤੇ ਪਿੰਡ ਫਰਵਾਹੀ ਵਿੱਚ ਜਨ ਸੰਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਚਾਰ ਸਾਲਾਂ ਵਿੱਚ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ ਅਤੇ ਸੂਬੇ ਤੇ ਜ਼ਿਲ੍ਹੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਲਈ 10 ਲੱਖ ਰੁਪਏ ਤੱਕ ਦੀ ਸਿਹਤ ਗਾਰੰਟੀ, ਔਰਤਾਂ ਨੂੰ ਸਤਿਕਾਰ ਵਜੋਂ 1000 ਅਤੇ 1500 ਰੁਪਏ ਦੇਣ ਦੇ ਵਾਅਦੇ, ਸਕੂਲ ਆਫ਼ ਐਮੀਨੈਂਸ ਰਾਹੀਂ ਮਿਆਰੀ ਸਿੱਖਿਆ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 90,000 ਤੋਂ ਵੱਧ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਨਿਆਦੀ ਢਾਂਚੇ ਵੱਲ ਵੱਡਾ ਧਿਆਨ ਦਿੰਦਿਆਂ ਲਗਭਗ 45,000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿਨ ਵੇਲੇ ਖੇਤੀ ਲਈ ਬਿਜਲੀ ਦਿੱਤੀ ਜਾ ਰਹੀ ਹੈ ਜਦਕਿ ਨਹਿਰੀ ਪ੍ਰਣਾਲੀ ਨੂੰ ਮਜ਼ਬੂਤ ਕਰ ਕੇ ਲਗਭਗ 80 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ।
ਐੱਮ ਪੀ ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੀ ਕਰੋੜਾਂ ਦੀ ਲਾਗਤ ਨਾਲ ਖੇਡ ਮੈਦਾਨ, ਪੰਚਾਇਤ ਘਰਾਂ, ਆਂਗਣਵਾੜੀ ਸੈਂਟਰਾਂ, ਅਨਾਜ ਮੰਡੀਆਂ, ਸੜਕਾਂ ਤੇ ਪੁਲਾਂ ਦੇ ਕੰਮ ਕਰਵਾਏ ਜਾ ਰਹੇ ਹਨ। ਜ਼ਿਲ੍ਹੇ ਵਿੱਚ 94 ਨਵੇਂ ਖੇਡ ਮੈਦਾਨ ਬਣ ਰਹੇ ਹਨ, ਸੜਕਾਂ ਦਾ ਨਵੀਨੀਕਰਨ ਅਤੇ ਚੌੜੀਆਂ ਕੀਤੀਆਂ ਜਾ ਰਹੀਆਂ ਹਨ ਤੇ ਪਿੰਡਾਂ ਵਿੱਚ ਨਵੇਂ ਮੋਘੇ ਕੱਢੇ ਹਨ ਜਦਕਿ ਕਰੋੜਾਂ ਦੀ ਲਾਗਤ ਨਾਲ ਖੇਤਾਂ ਵਿੱਚ ਪਾਈਪਾਂ ਪਾਈਆਂ ਹਨ।

