ਲੋਕਾਂ ਦੇ ਸੰਘਰਸ਼ ਅੱਗੇ ਝੁਕੀ ਸਰਕਾਰ
ਬੀ ਕੇ ਯੂ (ਏਕਤਾ)- ਉਗਰਾਹਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕਰ ਕੇ ਪਰਤਦਿਆਂ ਸੜਕ ਹਾਦਸੇ ’ਚ ਮਾਰੇ ਗਏ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਸਾਰਾ ਕਰਜ਼ਾ ਮੁਆਫ਼ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਗੰਭੀਰ ਜ਼ਖ਼ਮੀ ਬਲਵੰਤ ਸਿੰਘ ਨੰਗਲ ਦੇ ਮੁਕੰਮਲ ਇਲਾਜ ਲਈ ਮੁਆਵਜ਼ੇ ਦੀਆਂ ਮੰਗਾਂ ਲਈ ਵੀਹ ਦਿਨ ਚੱਲੇ ਧਰਨੇ ਮਗਰੋਂ ਅੱਜ ਸਰਕਾਰ ਤੇ ਪ੍ਰਸ਼ਾਸਨ ਨੇ ਸਾਰੀਆਂ ਮੰਗਾਂ ਮੰਨ ਲਈਆਂ ਹਨ। ਡੀ ਆਈ ਜੀ ਫ਼ਰੀਦਕੋਟ ਤੇ ਡੀ ਸੀ ਮੁਕਤਸਰ ਨਾਲ ਹੋਈ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਤੇ ਸੂਬਾਈ ਆਗੂ ਰੂਪ ਸਿੰਘ ਛੰਨਾ, ਸਥਾਨਕ ਆਗੂਆਂ ਹਰਬੰਸ ਸਿੰਘ ਕੋਟਲੀ, ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਨੱਥਾ ਸਿੰਘ ਰੋੜੀ ਕਪੂਰਾ ਤੇ ਨਿਰਮਲ ਸਿੰਘ ਜਿਉਣ ਸਿੰਘ ਵਾਲਾ ਦੀ ਬੈਠਕ ਵਿੱਚ ਜਥੇਬੰਦੀ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਗਈਆਂ।
ਇਸ ਤੋਂ ਬਾਅਦ ਸ੍ਰੀ ਮਾਨ ਨੇ ਆਖਿਆ ਕਿ ਧਰਨਾ ਮੰਗਾਂ ਲਾਗੂ ਹੋਣ ’ਤੇ ਹੀ ਸਮਾਪਤ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਆਪਣੇ ਹੱਕਾਂ ਹਿਤਾਂ, ਜ਼ਮੀਨਾਂ, ਰੁਜ਼ਗਾਰ ਬਚਾਉਣ ਲਈ ਸਿਰ ਜੋੜ ਕੇ ਵੱਡੀ ਤਾਕਤ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਗੁਰਮੀਤ ਸਿੰਘ ਬਿੱਟੂ ਮੱਲਣ, ਜਸਵੀਰ ਸਿੰਘ ਘਾਲੀ, ਰਾਜਾ ਸਿੰਘ ਮਹਾਂਬੱਧਰ, ਹਰਫੂਲ ਸਿੰਘ ਭਾਗਸਰ, ਅਜਾਇਬ ਸਿੰਘ ਮੱਲਣ, ਜਸਵੀਰ ਸਿੰਘ ਦੋਦਾ, ਬਿੱਕਰ ਸਿੰਘ ਭਲਾਈਆਣਾ, ਕੁਲਬੀਰ ਸਿੰਘ ਭਾਗਸਰ, ਤਰਸੇਮ ਸਿੰਘ ਖੁੰਡੇ ਹਲਾਲ ਸਣੇ ਹੋਰ ਕਿਸਾਨ ਤੇ ਮਜ਼ਦੂਰ ਮੌਜੂਦ ਸਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਦੱਸਿਆ ਕਿ ਜਥੇਬੰਦੀ ਦੀਆਂ ਮੰਗਾਂ ਪ੍ਰਸ਼ਾਸਨ ਨੇ ਮੰਨ ਲਈਆਂ ਹਨ।
