
ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਹੋਏ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ। -ਫੋਟੋ: ਥਿੰਦ
ਜਸਵੰਤ ਸਿੰਘ ਥਿੰਦ
ਮਮਦੋਟ, 25 ਮਈ
ਕੌਮਾਂਤਰੀ ਸਰਹੱਦ ਦੇ ਨਜ਼ਦੀਕ ਪੈਂਦੇ 1083 ਏਕੜ ਰਕਬੇ ਵਿੱਚ ਫੈਲੇ ਜੰਗਲ ਚੱਕ ਸਰਕਾਰ ਦੋਨਾਂ ਜੈਮਲ ਸਿੰਘ ਰਿਜ਼ਰਵ ਫਾਰੈਸਟ ਦੀ ਤਾਰਬੰਦੀ (ਚੇਨ ਲਿੰਕ ਫੈਂਸਿੰਗ) ਦਾ ਨੀਂਹ ਪੱਥਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਰੱਖਿਆ। ਇਸ ਮੌਕੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਅਤੇ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਆਦਿ ਹਾਜ਼ਰ ਸਨ।
ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜੰਗਲ ਦੇ ਆਸ ਪਾਸ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਜੰਗਲੀ ਸੂਰਾਂ ਅਤੇ ਨੀਲ ਗਊਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਇਸ ਜੰਗਲ ਦੀ ਤਾਰਬੰਦੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ 80 ਲੱਖ ਰੁਪਏ ਦੀ ਪਹਿਲੀ ਕਿਸ਼ਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੰਗਲ ਦਾ ਕੁੱਲ 11 ਕਿਲੋਮੀਟਰ ਦਾ ਏਰੀਆ ਹੋਣ ਕਰਕੇ ਇਸ ਨੂੰ ਤਿੰਨ ਪੜਾਵਾਂ ਵਿੱਚ 2 ਸਾਲ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ । ਉਨ੍ਹਾਂ ਮੁਤਾਬਕ ਇਸ ਜੰਗਲਾਤ ਨੂੰ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਬਣਉਣ ਲਈ ਇਸ ਵਿੱਚ ਨਾਨਕ ਬਗੀਚੀ ਪ੍ਰਾਜੈਕਟ ਤਹਿਤ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਖੇਡਾਂ ਵੱਲ਼ ਪ੍ਰੇਰਿਤ ਕਰਨ ਦੇ ਮਕਸਦ ਨਾਲ ਇੱਕ ਓਪਨ ਜਿੰਮ ਤੇ ਟਰੈਕ ਵੀ ਬਣਾਇਆ ਜਾਵੇਗਾ ਤਾਂ ਸਰਹੱਦੀ ਪਿੰਡਾਂ ਦੇ ਨੌਜਵਾਨ ਇੱਥੇ ਖੇਡ ਕੇ ਚੰਗੇ ਖਿਡਾਰੀ ਬਣ ਸਕਣ। ਮਮਦੋਟ ਦੇ ਸੇਮਨਾਲੇ ਸਬੰਧੀ ਸਵਾਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਕੱਢਣ ਲਈ ਹਲਕਾ ਵਿਧਾਇਕ ਵੱਲੋਂ ਡਰੇਨੇਜ਼ ਵਿਭਾਗ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ।
ਜ਼ਿਲ੍ਹਾ ਫਿਰੋਜ਼ਪੁਰ ’ਚ ਇੱਕ ਕਰੋੜ 35 ਲੱਖ ਬੂਟੇ ਲਗਾਉਣ ਦਾ ਟੀਚਾ
ਜੰਗਲਾਤ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ 30 ਜੂਨ ਤੱਕ ਇੱਕ ਕਰੋੜ 35 ਲੱਖ ਬੂਟੇ ਲਗਾਉਣ ਦਾ ਟੀਚਾ ਹੈ ਅਤੇ ਇਹ ਬੂਟੇ ਨਰਸਰੀਆਂ ਤੱਕ ਪਹੁੰਚ ਕਰਵਾ ਦਿੱਤੇ ਜਾਣਗੇ। ਉਨ੍ਹਾਂ ਨੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਈ ਰੱਖਣ ਲਈ ਲੋਕਾਂ ਨੂੰ ਵੀ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ