ਪੁੱਤਰ ਖ਼ਿਲਾਫ਼ ਪਰਚੇ ਦੀ ਖ਼ਬਰ ਸੁਣ ਕੇ ਪਿਓ ਨੇ ਦਮ ਤੋੜਿਆ

ਪੁੱਤਰ ਖ਼ਿਲਾਫ਼ ਪਰਚੇ ਦੀ ਖ਼ਬਰ ਸੁਣ ਕੇ ਪਿਓ ਨੇ ਦਮ ਤੋੜਿਆ

ਪੁਲੀਸ ਚੌਂਕੀ ਗੋਲੇਵਾਲਾ ਅੱਗੇ ਲਾਸ਼ ਲੈ ਕੇ ਧਰਨੇ ’ਤੇ ਬੈਠੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ।

ਜਸਵੰਤ ਜੱਸ

ਫਰੀਦਕੋਟ, 18 ਜੂਨ

ਪਿੰਡ ਸਾਧਾਂਵਾਲਾ ਦੇ ਨੌਜਵਾਨ ਖਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰਨ ਦੀ ਖ਼ਬਰ ਮਿਲਣ ਤੋਂ ਬਾਅਦ ਉਸ ਦੇ 60 ਸਾਲਾ ਪਿਤਾ ਦੀ ਸਦਮੇ ਨਾਲ ਹੀ ਮੌਤ ਹੋ ਗਈ।

  ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਦਰ ਪੁਲੀਸ ਫ਼ਰੀਦਕੋਟ ਨੇ ਨੌਜਵਾਨ ਜੱਜ ਸਿੰਘ ਖਿਲਾਫ਼ ਨਸ਼ਾ ਤਸਕਰੀ ਦਾ ਕਥਿਤ ਤੌਰ ’ਤੇ ਝੂਠਾ ਪਰਚਾ ਦਰਜ ਕੀਤਾ ਸੀ। ਇਸੇ ਕਰਕੇ ਉਸ ਦੇ ਪਿਤਾ ਦੀ ਸਦਮਾ ਲੱਗਣ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਨੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਫੜੇ ਗਏ ਨੌਜਵਾਨ ਜੱਜ ਸਿੰਘ ਦੇ ਪਿਤਾ ਰੇਸ਼ਮ ਸਿੰਘ ਦੀ ਲਾਸ਼ ਪੁਲੀਸ ਚੌਕੀ ਗੋਲੇਵਾਲਾ ਦੇ ਸਾਹਮਣੇ ਰੱਖ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਫਰੀਦਕੋਟ-ਫਿਰੋਜ਼ਪੁਰ ਰੋਡ ਜਾਮ ਕਰ ਦਿੱਤਾ। 

ਬੇਅੰਤ ਕੌਰ ਸੇਖੋਂ, ਸੁਰਿੰਦਰ ਸਿੰਘ ਸਾਧਾਂਵਾਲਾ ਅਤੇ ਅੰਗਰੇਜ ਸਿੰਘ ਨੇ ਕਿਹਾ ਕਿ ਸਦਰ ਪੁਲੀਸ ਫਰੀਦਕੋਟ ਨੇ ਜੱਜ ਸਿੰਘ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰਕੇ ਸਿਆਸੀ ਰੰਜਿਸ਼ ਤਹਿਤ ਉਸ ਉੱਪਰ 1100 ਨਸ਼ੀਲੀਆਂ ਗੋਲੀਆਂ ਰੱਖਣ ਦਾ ਪਰਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਦੂਜੇ ਪਾਸੇ ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਪੁਲੀਸ ਚੌਕੀ ਸਾਹਮਣੇ ਲਾਸ਼ ਰੱਖ ਕੇ ਮੁਜ਼ਾਹਰਾ ਕਰ ਰਹੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਖੁਦ ਨਿਰਪੱਖ ਪੜਤਾਲ ਕਰਨਗੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਛਾਪੇ ਮਾਰੇ ਸਨ ਅਤੇ ਮੁੱਢਲੀ ਜਾਣਕਾਰੀ ਅਨੁਸਾਰ ਜੱਜ ਸਿੰਘ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ।

ਪੁਲੀਸ ਮੁਖੀ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ ’ਤੇ ਇਸ ਮਾਮਲੇ ਦੀ ਮੁੜ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਬੇਇਨਸਾਫ਼ੀ ਹੋਈ ਤਾਂ ਪੀੜਤ ਪਰਿਵਾਰ ਨਾਲ ਤੁਰੰਤ ਇਨਸਾਫ਼ ਕੀਤਾ ਜਾਵੇਗਾ। ਪੁਲੀਸ ਨੇ ਪੜਤਾਲ ਲਈ ਪੀੜਤ ਪਰਿਵਾਰ ਤੋਂ 15 ਦਿਨਾਂ ਦਾ ਸਮਾਂ ਮੰਗਿਆ ਹੈ ਪਰ ਆਖ਼ਰੀ ਖ਼ਬਰ ਮਿਲਣ ਤੱਕ ਅੰਦੋਲਨਕਾਰੀਆਂ ਤੇ ਪੁਲੀਸ ਦਰਮਿਆਨ ਕੋਈ ਗੱਲ ਸਿਰੇ ਨਹੀਂ ਲੱਗੀ ਅਤੇ ਪਿੰਡ ਵਾਸੀ ਤੇ ਪਰਿਵਾਰਕ ਮੈਂਬਰ ਲਾਸ਼ ਲੈ ਕੇ ਥਾਣੇ ਅੱਗੇ ਹੀ ਬੈਠੇ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All