ਪੱਤਰ ਪ੍ਰੇਰਕ
ਮਾਨਸਾ, 7 ਸਤੰਬਰ
ਸ਼ਹਿਰ ਦੇ ਇੱਕ ਵਿਅਕਤੀ ਦੇ ਮਕਾਨ ਦੀ ਨਿਲਾਮੀ ਉਸ ਵੇਲੇ ਰੁਕ ਗਈ, ਜਦੋਂ ਉਸ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਆਗੂਆਂ ਨੇ ਝੰਡੇ ਚੁੱਕ ਲਏ। ਜਥੇਬੰਦੀ ਦੇ ਵਿਰੋਧ ਕਾਰਨ ਪੁਲੀਸ ਅਧਿਕਾਰੀ ਸਮੇਤ ਮਾਲ ਮਹਿਕਮੇ ਦੇ ਅਫ਼ਸਰ ਬਿਨਾਂ ਕਾਰਵਾਈ ਕੀਤੇ ਚਲੇ ਗਏ। ਇਹ ਨਿਲਾਮੀ ਇੱਕ ਨਿੱਜੀ ਬੈਂਕ ਵੱਲੋਂ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦੇ ਵਿਰੋਧ ਵਿੱਚ ਕੀਤੀ ਜਾਣੀ ਸੀ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਫਿਬਨਜੀਤ ਸਿੰਘ ਨੇ ਸਾਲ 2018 ਵਿੱਚ 9 ਲੱਖ 75 ਹਜ਼ਾਰ ਦਾ ਕਰਜ਼ਾ ਲੈ ਕੇ ਫੀਡ ਫੈਕਟਰੀ ਲਾਈ ਸੀ, ਪਰ ਕਰੋਨਾ ਵੇਲੇ ਉਸਦਾ ਕੰਮ ਠੱਪ ਹੋਣ ਕਾਰਨ ਕਰਜ਼ੇ ਦੀਆਂ ਕਿਸ਼ਤਾਂ ਭਰਨ ਤੋਂ ਅਸਮਰੱਥ ਹੋ ਗਿਆ। ਉਨ੍ਹਾਂ ਕਿਹਾ ਕਿ ਬੈਂਕ ਨੇ ਅਦਾਲਤ ਵਿੱਚ ਕੇਸ ਦਰਜ ਕਰ ਕੇ ਮਕਾਨ ਦੀ ਨਿਲਾਮੀ ਲਈ ਕਬਜ਼ਾ ਵਾਰੰਟ ਹਾਸਲ ਕਰ ਲਏ, ਜਿਸ ਦੇ ਵਿਰੋਧ ਵਿੱਚ ਜਥੇਬੰਦੀ ਨੇ ਝੰਡਾ ਚੁੱਕ ਲਿਆ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੈਂਕਾਂ ਦੀਆਂ ਵਿਆਜ ਦਰਾਂ ਨੇ ਛੋਟੇ ਕਾਰੋਬਾਰੀਆਂ ਨੂੰ ਕਿਸਾਨਾਂ ਵਾਂਗ ਮਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸੇ ਘਰ ਅਤੇ ਜ਼ਮੀਨ ਦੀ ਨਿਲਾਮੀ ਨਹੀਂ ਹੋਣ ਦੇਵੇਗੀ। ਧਰਨੇ ਨੂੰ ਮੱਖਣ ਸਿੰਘ ਭੈਣੀਬਾਘਾ, ਬਲਵਿੰਦਰ ਸ਼ਰਮਾ, ਬਲਕਾਰ ਸਿੰਘ ਚਹਿਲਾਂਵਾਲੀ, ਦੇਵੀ ਰਾਮ ਰੰਘੜਿਆਲ ਅਤੇ ਜਗਰਾਜ ਰੱਲਾ ਨੇ ਵੀ ਸੰਬੋਧਨ ਕੀਤਾ।
ਮਜ਼ਦੂਰ ਦੇ ਘਰ ਦੀ ਨਿਲਾਮੀ ਰੁਕਵਾਈ
ਮਾਨਸਾ: ਸੀਪੀਆਈ (ਐੱਮਐੱਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਾਨਸਾ ਸ਼ਹਿਰ ਦੇ ਵਾਰਡ ਨੰਬਰ-11 ’ਚ ਰਹਿੰਦੇ ਮਜ਼ਦੂਰ ਭਗਵਾਨ ਦਾਸ ਦੇ ਘਰ ਦੀ ਨਿਲਾਮੀ ਰੁਕਵਾਈ ਗਈ। ਇਹ ਨਿਲਾਮੀ ਅਦਾਲਤ ਦੇ ਹੁਕਮਾਂ ਅਨੁਸਾਰ ਨਾਇਬ ਤਹਿਸੀਲਦਾਰ ਦੀ ਅਗਵਾਈ ਵਿੱਚ ਕੀਤੀ ਜਾਣੀ ਸੀ ਪਰ ਆਗੂਆਂ ਨੇ ਮੌਕੇ ਤੋਂ ਪਹਿਲਾਂ ਹੀ ਪਹੁੰਚ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮਾਲ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਵਾਪਸ ਮੁੜਨਾ ਪਿਆ। ਜ਼ਿਲ੍ਹਾ ਆਗੂ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾ ਨੇ ਦੱਸਿਆ ਕਿ ਮਜ਼ਦੂਰ ਭਗਵਾਨ ਦਾਸ ਨੇ ਦਰਸ਼ਨ ਕੁਮਾਰ ਤੋਂ ਘਰ 25,000 ਰੁਪਏ ਉਧਾਰ ਲਏ ਸਨ ਤੇ ਇਹ ਰਾਸ਼ੀ ਕਿਸ਼ਤਾਂ ’ਚ ਮੋੜਨ ਦੀ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਪ੍ਰਨੋਟ ਨੂੰ ਅਦਾਲਤ ਵਿੱਚ ਲਾ ਕੇ ਕੇਸ ਦਾਇਰ ਕਰ ਦਿੱਤਾ ਗਿਆ, ਜਿਸ ਨਾਲ ਰਾਸ਼ੀ 1 ਲੱਖ 93 ਹਜ਼ਾਰ ਰੁਪਏ ਬਣ ਗਈ। ਉਨ੍ਹਾਂ ਕਿਹਾ ਕਿ ਰਾਸ਼ੀ ਨਾ ਭਰਨ ਕਰਕੇ ਘਰ ਦੀ ਕੁਰਕੀ ਕਰਵਾਈ ਜਾਣੀ ਸੀ, ਜਿਸ ਖ਼ਿਲਾਫ਼ ਜਥੇਬੰਦੀਆਂ ਨੇ ਸਟੈਂਡ ਲੈ ਲਿਆ। ਇਸ ਮੌਕੇ ਸੁਰਿੰਦਰ ਸ਼ਰਮਾ, ਕ੍ਰਿਸ਼ਨ ਕੌਰ ਤੇ ਗਗਨ ਖੜਕ ਸਿੰਘ ਵਾਲਾ ਹਾਜ਼ਰ ਸਨ। -ਪੱਤਰ ਪ੍ਰੇਰਕ