ਕਿਸਾਨਾਂ ਨੇ ਰੇਲਾਂ ਦੇ ਚੱਕੇ ਜਾਮ ਰੱਖੇ

ਪਿੰਡਾਂ ’ਚ ਭਾਜਪਾ ਆਗੂਆਂ ਦਾ ਵਿਰੋਧ ਕਰਨ ਦਾ ਐਲਾਨ; ਗਰਮ ਤਕਰੀਰਾਂ ਤੇ ਇਨਕਲਾਬੀ ਬੋਲੀਆਂ ਨਾਲ ਕੇਂਦਰ ਸਰਕਾਰ ਨੂੰ ਭੰਡਿਆ

ਕਿਸਾਨਾਂ ਨੇ ਰੇਲਾਂ ਦੇ ਚੱਕੇ ਜਾਮ ਰੱਖੇ

ਗੋਨਿਆਣਾ ਮੰਡੀ ’ਚ ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਲਾਈਨ ’ਤੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸ਼ਿੰਗਾਰਾ ਸਿੰਘ ਮਾਨ। -ਫ਼ੋਟੋ: ਪੰਜਾਬੀ ਟ੍ਰਿਬਿਊਨ

ਜਗਤਾਰ ਅਣਜਾਣ/ਕੁਲਦੀਪ ਸਿੰਘ

ਮੌੜ ਮੰਡੀ, 26 ਸਤੰਬਰ

ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਭਾਰਤੀ ਕਸਾਨ ਯੂਨੀਅਨ ਉਗਰਾਹਾ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਵਿਰੁੱਧ ਦਿੱਲੀ-ਬਠਿੰਡਾ ਰੇਲ ਮਾਰਗ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਭਾਈ ਬਖਤੌਰ ਵਿਚ 10 ਵਜੇ ਤੋਂ 4 ਵਜੇ ਤਕ ਰੇਲਵੇ ਲਾਈਨ ’ਤੇ ਬੈਠ ਕੇ ਰੇਲਵੇ ਆਵਾਜਾਈ ਠੱਪ ਰੱਖੀ।

ਧਰਨੇ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਬੱਗੀ, ਰਾਜਵਿੰਦਰ ਸਿੰਘ, ਜਗਦੇਵ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ਨਾਲ ਖੇਤੀ ਜਿਣਸ ਸਰਕਾਰ ਦੁਆਰਾ ਮਿੱਥੇ ਸਮਰਥਨ ਮੁੱਲ ’ਤੇ ਨਹੀਂ ਵਿਕਣਗੀਆ, ਜਿਸ ਨਾਲ ਜਨਤਕ ਵੰਡ ਪ੍ਰਣਾਲੀ ਦਾ ਖਾਤਮਾ ਹੋ ਜਾਵੇਗਾ। ਕਿਸਾਨ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤਿੱਖਾ ਕਰ ਕੇ ਪਿੰਡਾਂ ਵਿਚ ਭਾਜਪਾ ਆਗੂਆਂ ਦੀ ਘੇਰਾਬੰਦੀ ਕਰਨਗੀਆਂ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਪਹਿਲੀ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਪੰਜਾਬ ਅੰਦਰ ਰੇਲਾਂ ਰੋਕੀਆਂ ਜਾਣਗੀਆਂ। ਧਰਨੇ ਦੌਰਾਨ ਕਿਸਾਨਾਂ ਨੇ 17 ਸਾਲ ਪਹਿਲਾਂ ਇੱਥੇ ਹੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ’ਤੇ ਰੇਲ ਚੜ੍ਹਾ ਕੇ ਸ਼ਹੀਦ ਕੀਤੇ ਗੁਰਦੇਵ ਸਿੰਘ ਮੌੜ ਚੜ੍ਹਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਗੋਨਿਆਣਾ (ਮਨੋਜ ਸ਼ਰਮਾ): ਅੱਜ ਗੋਨਿਆਣਾ ਮੰਡੀ ਵਿਚ ਬਠਿੰਡਾ- ਫ਼ਿਰੋਜ਼ਪੁਰ ਲਾਈਨ ਨੂੰ ਜਾਮ ਕਰਦਿਆਂ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਖੇਤ ਮਜ਼ਦੂਰ ਯੂਨੀਅਨ ਦੇ ਮਾਸਟਰ ਸੇਵਕ ਸਿੰਘ, ਡੀਟੀਐੱਫ਼ ਦੇ ਰੇਸ਼ਮ ਸਿੰਘ, ਨੌਜਵਾਨ ਭਾਰਤ ਸਭਾ ਦੇ ਬਲਕਰਨ ਸਿੰਘ ਅਤੇ ਪਾਵਰਕੌਮ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਗੁਰਵਿੰਦਰ ਪੰਨੂ ਨੇ ਸੰਬੋਧਨ ਕੀਤਾ। ਇਸ ਮੌਕੇ ਲੋਕ ਪੱਖੀ ਇਨਕਲਾਬੀ ਗਾਇਕ ਜਗਸੀਰ ਜੀਦਾ ਨੇ ਇਨਕਲਾਬੀ ਬੋਲੀਆਂ ਪਾਉਂਦਿਆਂ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਮੋਦੀ ਸਰਕਾਰ ਨੂੰ ਘੇਰਿਆ।

ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੇਲ ਰੋਕੋ ਪ੍ਰੋਗਰਾਮ ਤਹਿਤ ਗਿੱਦੜਬਾਹਾ ਵਿਚ ਰੇਲਵੇ ਟਰੈਕ ’ਤੇ ਧਰਨਾ ਲਗਾਇਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਪੂਰਨ ਸਿੰਘ ਦੋਦਾ, ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ, ਭੁਪਿੰਦਰ ਸਿੰੰਘ, ਗੁਰਪਾਸ਼ ਸਿੰਘ ਸੰਬੋਧਨ ਕੀਤਾ।

ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਕੋਟਕਪੂਰਾ-ਮੁਕਤਸਰ ਓਵਰਬ੍ਰਿਜ ਹੇਠ ਰੇਲਵੇ ਲਾਈਨ ’ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All