ਨਵਕਿਰਨ ਸਿੰਘ
ਮਹਿਲ ਕਲਾਂ, 25 ਨਵੰਬਰ
ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਮਹਿਲ ਕਲਾਂ ਦੇ ਟੋਲ ਪਲਾਜ਼ੇ ਅੱਗੇ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਕਿਸਾਨ ਮੋਰਚੇ ਵੱਲੋਂ ਅੱਜ ਹਰਿਆਣਾ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਮਲਕੀਤ ਸਿੰਘ ਮਹਿਲ ਕਲਾਂ ਅਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਸਰਕਾਰ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਹਰਿਆਣੇ ਦੀ ਭਾਜਪਾ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨਾਂ ਦੇ ਸਬੰਧ ਵਿਚ ਇਨਸਾਫ਼ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਸਖ਼ਤ ਬੈਰੀਕੇਡ ਲਗਾ ਕੇ ਸਰਹੱਦਾਂ ‘ਤੇ ਰੋਕਣ ਦੀ ਕਾਰਵਾਈ ਕਾਰਨ ਰੋਹ ਵਿਚ ਆਏ ਕਿਸਾਨਾਂ ਨੇ ਅੱਜ ਬਲਾਕ ਭਗਤਾ ਭਾਈ ਦੇ ਪਿੰਡਾਂ ਕੋਠਾ ਗੁਰੂ, ਮਲੂਕਾ, ਕੇਸਰ ਸਿੰਘ ਵਾਲਾ ਅਤੇ ਸਿਰੀਏਵਾਲਾ ਵਿਖੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ। ਇਸ ਮੌਕੇ ਬੀ.ਕੇ.ਯੂ. (ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ, ਸੁਖਜੀਤ ਸਿੰਘ ਸੀਤਾ, ਜਸਪਾਲ ਸਿੰਘ ਪਾਲਾ, ਮਜ਼ਦੂਰ ਆਗੂ ਤੀਰਥ ਸਿੰਘ ਅਤੇ ਮਾਲਣ ਕੌਰ ਨੇ ਕਿਹਾ ਕਿ ਸਰਕਾਰੀ ਔਕੜਾਂ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਵਿਖੇ ਪਹੁੰਚਣਗੇ।