ਦਿੱਲੀ ਦੀਆਂ ਘਟਨਾਵਾਂ ਨੇ ਪੰਜਾਬ ਦੇ ਪਿੰਡਾਂ ਨੂੰ ਚਿੰਤਾ ’ਚ ਪਾਇਆ

ਦਿੱਲੀ ਦੀਆਂ ਘਟਨਾਵਾਂ ਨੇ ਪੰਜਾਬ ਦੇ ਪਿੰਡਾਂ ਨੂੰ ਚਿੰਤਾ ’ਚ ਪਾਇਆ

ਪਿੰਡ ਚੀਮਾ ਦੀ ਸੱਥ ਵਿੱਚ ਕਿਸਾਨ ਅੰਦੋਲਨ ’ਤੇ ਚਰਚਾ ਕਰਦੇ ਹੋਏ ਪਿੰਡ ਵਾਸੀ।

ਲਖਵੀਰ ਸਿੰਘ ਚੀਮਾ

ਟੱਲੇਵਾਲ, 27 ਜਨਵਰੀ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੇ ਚੱਲਦਿਆਂ ਦਿੱਲੀ ਵਿੱਚ 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਗਈ। ਪਰ ਇਸ ਮੌਕੇ ਲਾਲ ’ਤੇ ਕੇਸਰੀ ਝੰਡਾ ਲਹਿਰਾਉਣ ਤੇ ਦਿੱਲੀ ਵਿੱਚ ਹੋਈ ਹਿੰਸਾ ਦੀ ਪਿੰਡਾਂ ਦੀਆਂ ਸੱਥਾਂ ਵਿੱਚ ਚਰਚਾ ਛਿੜੀ ਹੋਈ ਹੈ। ਸੱਥਾਂ ਵਿੱਚ ਬੈਠੇ ਲੋਕ ਦਿੱਲੀ ਗਏ ਕਿਸਾਨਾਂ ਦੀ ਚਿੰਤਾ ਕਰ ਰਹੇ ਹਨ ਤੇ ਸੰਘਰਸ਼ੀ ਲੋਕਾਂ ਦੀ ਖ਼ੈਰ ਮੰਗ ਰਹੇ ਹਨ। ਇਸ ਹਿੰਸਾ ਨੇ ਵੱਖ ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਲੋਕਾਂ ਨੂੰ 1984 ਦਾ ਸਿੱਖ ਕਤਲੇਆਮ ਯਾਦ ਕਰਵਾ ਦਿੱਤਾ ਹੈ। 

ਪਿੰਡ ਚੀਮਾ ਦੀ ਸੱਥ ’ਚ ਬੈਠੇ ਮੱਲ ਸਿੰਘ, ਬਿੰਦਰ ਸਿੰਘ ਅਤੇ ਘੋਨਾ ਸਿੰਘ ਨੇ ਕਿਹਾ ਕਿ ਦਿੱਲੀ ਗਏ ਉਹਨਾਂ ਦੇ ਸਾਥੀ ਕਿਸਾਨਾਂ ਦੀ ਮੰਗ ਸਿਰਫ਼ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਹੈ। ਸਰਕਾਰ ਨੇ ਜਾਣ ਬੁੱਝ ਕੇ ਕਿਸਾਨਾਂ ਦੀ ਟਰੈਕਟਰ ਪਰੇਡ ’ਚ ਖਲਲ ਪਾਈ ਤੇ ਦਿੱਲੀ ਵਿੱਚ ਹਿੰਸਾ ਕਰਵਾਈ ਹੈ। ਕਿਸਾਨਾਂ ’ਤੇ ਦਿੱਲੀ ਪੁਲੀਸ ਵੱਲੋਂ ਸ਼ਰੇਆਮ ਤਸ਼ੱਦਦ ਕੀਤਾ ਗਿਆ ਹੈ। ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਿਜਾਏ ਸ਼ਾਂਤਮਈ ਸੰਘਰਸ਼ ਕਰ ਰਹੇ ਅੰਨਦਾਤੇ ਨੂੰ ਬਦਨਾਮ ਕਰ ਰਹੀ ਹੈ। ਸੇਵਾ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੇ ਸ਼ਰਾਰਤੀ ਅਨਸਰ ਸੰਘਰਸ਼ ’ਚ ਦਾਖ਼ਲ ਕਰਕੇ ਇਸਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸੰਘਰਸ਼ ਨੂੰ ਹਿੰਸਕ ਰੂਪ ਦੇ ਕੇ ਖ਼ਤਮ ਕਰਵਾਇਆ ਜਾ ਸਕੇ। ਪਿੰਡ ਭੋਤਨਾ ਦੇ ਬਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਸਰਕਾਰ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦੇਣਗੇ। ਇਸ ਹਿੰਸਾ ਨਾਲ ਸਰਕਾਰ ਵਲੋਂ ਭਾਵੇਂ ਸੰਘਰਸ਼ ਨੂੰ ਵੱਡੀ ਢਾਹ ਲਗਾਉਣ ਦੀ ਕੋੋਸ਼ਿਸ਼ ਕੀਤੀ ਗਈ ਹੈ। ਪਰ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਤੇ ਖੇਤੀ ਕਾਨੂੰਨਾਂ ਨੂੰ ਰੱੱਦ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।    

ਲਾਲ ਕਿਲੇ ’ਤੇ ਵਾਪਰੀ ਘਟਨਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ

ਫਰੀਦਕੋਟ (ਜਸਵੰਤ ਜੱਸ) ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਮਚਾਕੀ ਦੀ ਅਗਵਾਈ ’ਚ ਮੀਟਿੰਗ ਹੋਈ। ਮੀਟਿੰਗ ਮਗਰੋਂ ਸਭਾ ਨੇ ਸ਼ਹਿਰ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ। ਜਿਸ ਵਿੱਚ ਜ਼ਿਲ੍ਹੇ ਦੇ ਕਿਸਾਨ ਤੇ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਹਰਪਾਲ ਸਿੰਘ ਮਚਾਕੀ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ ਦੀ ਸਮਾਪਤੀ ਮਗਰੋਂ ਲਾਲ ਕਿਲੇ ’ਤੇ ਦਿੱਲੀ ਪੁਲੀਸ ਦੀ ਮੌਜੂਦਗੀ ’ਚ ਸੰਯੁਕਤ ਕਿਸਾਨ ਮੋਰਚੇ ਦੇ ਅਨੁਸ਼ਾਸਨ ਤੋਂ ਗੁੰਮਰਾਹ ਕੀਤੇ ਗਏ ਨੌਜਵਾਨਾਂ ਵੱਲੋਂ ਕੇਸਰੀ ਨਿਸ਼ਾਨ ਝੁਲਾਏ ਜਾਣ ਤੇ ਇਸ ਦਾ ਭਾਂਡਾ ਕਿਸਾਨ ਅੰਦੋਲਨ ਸਿਰ ਭੰਨ ਕੇ ਬਦਨਾਮ ਕਰਨ ਦੀ ਸਾਜਿਸ਼ ਦੀ ਸਾਰੀ ਜ਼ਿੰਮੇਵਾਰੀ ਮੋਦੀ ਸਰਕਾਰ ਦੇ ਸਿਰ ’ਤੇ ਹੈ ਜਿਸ ਲਈ ਉਸ ਨੂੰ ਰਾਜ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਰਿਹਾ। ਸਭਾ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਜਟਾਣਾ ਨੇ ਕਿਹਾ ਕਿ ਜੋ ਕੁਝ ਦਿੱਲੀ ਦੇ ਸਭ ਤੋਂ ਸੰਵੇਦਨਸ਼ੀਲ ਖੇਤਰ ਲਾਲ ਕਿਲੇ ’ਤੇ ਵਾਪਰਿਆ,  ਇਹ ਸਰਕਾਰੀ ਏਜੰਸੀਆਂ ਦੀ ਮਿਲੀਭੁਗਤ ਬਗ਼ੈਰ ਸੰਭਵ ਨਹੀਂ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਪ੍ਰਮੁੱਖ ਆਗੂਆਂ ਕਾਮਰੇਡ ਬਲਵੀਰ ਸਿੰਘ ਔਲਖ਼ ਤੇ ਗੁਰਨਾਮ ਸਿੰਘ ਮਾਨੀਵਾਲਾ ਨੇ ਕਿਹਾ ਕਿ ਇਸ ਘਟਨਾ ਦੀ ਆੜ ’ਚ ‘ਗੋਦੀ ਮੀਡੀਆ’ ਨੇ ਆਪਣੇ ਚੈਨਲਾਂ ’ਤੇ ਸਾਰਾ ਦਿਨ ਲਾਲ ਕਿਲੇ ਦੀਆਂ ਹੁੱਲੜਬਾਜ਼ਾਂ ਨੂੰ ਹੀ ਵਿਖਾਇਆ ਤੇ ਉਸ ਨੂੰ ਇੱਕ ਲੱਖ ਟਰੈਕਟਰਾਂ ਵਾਲੀ ਇਤਿਹਾਸਕ ਤੇ ਪੁਰਅਮਨ ਪਰੇਡ ਦਾ ਮੁਕੰਮਲ ਬਾਈਕਾਟ ਕਰਨ ਦਾ ਬਹਾਨਾ ਮਿਲ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All