ਔੜ ਨੇ ਕਿਸਾਨਾਂ ਦੇ ਸਾਹ ਸੂਤੇ, ਝੋਨੇ ’ਚੋਂ ਪਾਣੀ ਸੁੱਕਿਆ
ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ’ਚ ਕਿਸਾਨਾਂ ਨੇ ਪਛੇਤੇ ਝੋਨੇ ਦੀ ਲਵਾਈ ਰੋਕੀ
ਮਾਲਵਾ ਖੇਤਰ ਵਿੱਚ ਲਗਾਤਾਰ ਪੈ ਰਹੀ ਔੜ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਜੇਠ, ਹਾੜ੍ਹ ਅਤੇ ਸਾਉਣ ਦਾ ਪਹਿਲੇ ਹਫ਼ਤੇ ਮੀਂਹ ਨਾ ਪੈਣ ਕਾਰਨ ਝੋਨੇ ਦੀ ਫ਼ਸਲ ਨੂੰ ਲੋੜੀਂਦੀ ਨਮੀ ਨਹੀਂ ਮਿਲ ਰਹੀ, ਜਿਸ ਨਾਲ ਫ਼ਸਲ ਦੇ ਵਿਕਾਸ ’ਤੇ ਮਾੜਾ ਅਸਰ ਪੈ ਗਿਆ ਹੈੈ। ਕਿਸਾਨਾਂ ਨੇ ਕਿਹਾ ਕਿ ਜੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਮੀਂਹ ਨਾ ਪਿਆ ਤਾਂ ਫ਼ਸਲ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਪਛੇਤਾ ਝੋਨਾ ਲਾਉਣਾ ਰੋਕ ਲਿਆ ਹੈ ਅਤੇ ਬਿਜਲੀ ਪੂਰੀ ਨਾ ਮਿਲਣ ਕਾਰਨ ਖੇਤਾਂ ਵਿੱਚ ਚੱਤੋ ਪਹਿਰ ਮਹਿੰਗੇ ਭਾਅ ਦੇ ਡੀਜ਼ਲ ਨਾਲ ਟਿਊਬਵੈੱਲ ਚੱਲਣ ਲੱਗੇ ਹਨ। ਮਾਲਵਾ ਖੇਤਰ ਵਿੱਚ ਕਿੱਧਰੇ ਵੀ ਮੀਂਹ ਨਾ ਪੈਣ ਕਾਰਨ ਸਾਉਣ ਦੀਆਂ ਸਾਰੀਆਂ ਫ਼ਸਲਾਂ ਸੁੱਕਣ ਦੀ ਸਥਿਤੀ ਵਿੱਚ ਹੋ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਵਧਦੇ ਤਾਪਮਾਨ ਅਤੇ ਖੁਸ਼ਕ ਮੌਸਮ ਕਾਰਨ ਖੇਤਾਂ ਦੀ ਮਿੱਟੀ ਵਿੱਚ ਨਮੀ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਹਾਲਾਤ ਕੁੱਝ ਦਿਨ ਹੋਰ ਬਣੇ ਰਹੇ ਤਾਂ ਝੋਨੇ ਦੀ ਪੈਦਾਵਾਰ ਪ੍ਰਭਾਵਤ ਹੋਵੇਗੀ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਿਰੰਤਰ 12 ਘੰਟੇ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਪੂਰੀ ਮਾਤਰਾ ਵਿੱਚ ਦਿੱਤਾ ਜਾਵੇ। ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨ ਫ਼ਸਲ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਲੋੜ ਅਨੁਸਾਰ ਸਿੰਜਾਈ ਦਾ ਪ੍ਰਬੰਧ ਕਰਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਸੇਵਾਮੁਕਤ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਕਿਸਾਨਾਂ ਨੂੰ ਝੋਨੇ ਸਣੇ ਹੋਰ ਫ਼ਸਲਾਂ ਨੂੰ ਬਚਾਉਣ ਲਈ ਲਗਾਤਾਰ ਖੇਤਾਂ ਸਿੰਜਦੇ ਰਹਿਣ ਦਾ ਸੁਝਾਅ ਦਿੱਤਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਔੜ ਦੀ ਸਥਿਤੀ ਹੋਰ ਗੰਭੀਰ ਹੁੰਦੀ ਹੈ ਤਾਂ ਖੇਤੀਬਾੜੀ ਲਈ ਲੋੜੀਂਦੀ ਸਹਾਇਤਾ, ਨਿਰੰਤਰ ਬਿਜਲੀ ਸਪਲਾਈ ਅਤੇ ਹੋਰ ਰਾਹਤ ਉਪਾਅ ਯਕੀਨੀ ਬਣਾਏ ਜਾਣ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬਾ ਸ਼ਹਿਣਾ ਅਤੇ ਇਲਾਕੇ ਦੇ ਪਿੰਡਾਂ ਵਿੱਚ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਨਾ ਖੜਨ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਕਿਸਾਨ ਅਜੈਬ ਸਿੰਘ, ਜਗਸੀਰ ਸਿੰਘ, ਨਰਾਇਣ ਸਿੰਘ ਨੇ ਦੱਸਿਆ ਕਿ ਮੀਂਹ ਨਾ ਪੈਣ ਕਾਰਨ ਖੇਤਾਂ ’ਚ ਪਾਣੀ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ 25 ਕਿੱਲੇ ਝੋਨੇ ਦੇ ਲਾਏ ਹਨ ਪਰ ਪਾਣੀ ਪੂਰਾ ਨਾ ਪੈਣ ਕਾਰਨ ਆਸ ਮੀਂਹ ’ਤੇ ਟਿਕੀ ਹੋਈ ਹੈ।
ਵਾਰ-ਵਾਰ ਪਾਣੀ ਲਾਉਣ ਦੇ ਬਾਵਜੂਦ ਖੇਤ ਸੁੱਕੇ
ਤਪਾ ਮੰਡੀ (ਸੀ ਮਾਰਕੰਡਾ): ਜੂਨ ਮਹੀਨਾ ਲੰਘਣ ਦੇ ਬਾਵਜੂਦ ਉਮੀਦ ਅਨੁਸਾਰ ਮੀਂਹ ਨਾ ਪੈਣ ਕਾਰਨ ਖੇਤਾਂ ਵਿੱਚ ਨਮੀ ਖ਼ਤਮ ਹੋ ਰਹੀ ਹੈ ਅਤੇ ਕਈ ਥਾਵਾਂ ’ਤੇ ਮਿੱਟੀ ਵਿੱਚ ਡੂੰਘੀਆਂ ਤਰੇੜਾਂ ਪੈ ਗਈਆਂ ਹਨ। ਖੇਤਰ ਦੇ ਜ਼ਿਆਦਾਤਰ ਕਿਸਾਨ ਝੋਨੇ ਦੀ ਲਵਾਈ ਪੂਰੀ ਕਰ ਚੁੱਕੇ ਹਨ। ਕਿਸਾਨ ਜੀਵਨ ਸਿੰਘ ਔਜਲਾ, ਭੋਲਾ ਸਿੰਘ ਚੱਠਾ, ਗੁਰਪ੍ਰੀਤ ਸਿੰਘ ਅਤੇ ਬਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਤਿੱਖੀ ਧੁੱਪ ਕਾਰਨ ਖੇਤਾਂ ਵਿੱਚ ਛੱਡਿਆ ਗਿਆ ਪਾਣੀ ਕੁਝ ਹੀ ਘੰਟਿਆਂ ਵਿੱਚ ਸੁੱਕ ਜਾਂਦਾ ਹੈ, ਜਿਸ ਕਾਰਨ ਵਾਰ-ਵਾਰ ਸਿੰਜਾਈ ਕਰਨ ਦੇ ਬਾਵਜੂਦ ਖੇਤਾਂ ਵਿੱਚ ਨਮੀ ਕਾਇਮ ਨਹੀਂ ਰਹਿ ਰਹੀ ਅਤੇ ਧਰਤੀ ਮੁੜ ਫਟਣ ਲੱਗ ਪੈਂਦੀ ਹੈ। ਹੁੰਮਸ ਭਰੀ ਗਰਮੀ ਨਾਲ ਕਿਸਾਨ ਅਤੇ ਮਜ਼ਦੂਰ ਬੇਹਾਲ ਹੋ ਰਹੇ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।

