ਥਾਣਾ ਮੁਖੀ ’ਤੇ ਕਾਰ ਸਵਾਰਾਂ ਨੇ ਤਾਣੀ ਪਿਸਤੌਲ

ਥਾਣਾ ਮੁਖੀ ’ਤੇ ਕਾਰ ਸਵਾਰਾਂ ਨੇ ਤਾਣੀ ਪਿਸਤੌਲ

ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਜੁਲਾਈ

ਇਥੇ ਸ਼ਹਿਰ ਦੀ ਹੱਦ ਉੱਤੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਮਾਰੂਤੀ ਕਾਰ ਸਵਾਰ ਨੌਜਵਾਨਾਂ ਨੇ ਥਾਣਾ ਮੁਖੀ ਦੀ ਛਾਤੀ ਉੱਤੇ ਪਿਸਤੌਲ ਤਾਣ ਲਿਆ ਅਤੇ ਪੁਲੀਸ ਦੀ ਸਰਕਾਰੀ ਗੱਡੀ ਦੀ ਭੰਨਤੋੜ ਕਰ ਦਿੱਤੀ। ਥਾਣਾ ਮਹਿਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਲੰਘੀ ਰਾਤ ਕਰੀਬ ਕਰੀਬ 9 ਵਜੇ ਪੁਲੀਸ ਪਾਰਟੀ ਸਮੇਤ ਸਰਕਾਰੀ ਗੱਡੀ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਮਾਰੂਤੀ ਕਾਰ ਮਿਲੀ, ਜਿਸ ਦੀਆਂ ਨੰਬਰ ਪਲੇਟਾਂ ’ਤੇ ਗਾਰਾ ਮਲਿਆਂ ਹੋਇਆ ਸੀ। ਉਨ੍ਹਾਂ ਮਾਰੂਤੀ ਕਾਰ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਆਪਣੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਮਾਰੂਤੀ ਕਾਰ ਸਰਕਾਰੀ ਗੱਡੀ ਦੀ ਡਰਾਈਵਰ ਸਾਈਡ ਵਿੱਚ ਮਾਰੀ। ਇਸ ਮਗਰੋਂ ਕਾਰ ਵਿੱਚੋਂ ਨੌਜਵਾਨ 32 ਬੋਰ ਪਿਸਤੌਲ ਲੈ ਕੇ ਕਾਰ ਵਿੱਚੋਂ ਬਾਹਰ ਨਿਕਲਿਆ, ਜਿਸ ਦੀ ਪਛਾਣ ਗੁਰਦੀਪ ਸਿੰਘ ਉਰਫ਼ ਸੋਹਣ ਸਿੰਘ ਪਿੰਡ ਰੌਲੀ ਵਜੋਂ ਹੋਈ। ਪੁਲੀਸ ਮੁਤਾਬਕ ਮੁਲਜ਼ਮ ਨੇ ਥਾਣਾ ਮੁਖੀ ਸੰਦੀਪ ਸਿੰਘ ਸਿੱਧੂ ਨੂੰ ਮਾਰ ਦੇਣ ਦੀ ਨੀਯਤ ਨਾਲ ਪਿਸਤੌਲ ਉਨ੍ਹਾਂ ਦੀ ਛਾਤੀ ’ਤੇ ਤਾਣ ਲਈ।

ਪੁਲੀਸ ਅਧਿਕਾਰੀ ਨੇ ਹੁਸ਼ਿਆਰੀ ਨਾਲ ਉਸ ਤੋਂ ਪਿਸਤੌਲ ਖੋਹ ਲਿਆ। ਇਸ ਦੌਰਾਨ ਇੱਕ ਹੋਰ ਨੌਜਵਾਨ ਭਾਊ ਨੇ ਆਪਣੀ 12 ਬੋਰ ਬੰਦੂਕ ਹੋਰ ਪੁਲੀਸ ਮੁਲਾਜ਼ਮ ਨੂੰ ਮਾਰ ਦੇਣ ਦੀ ਨੀਯਤ ਨਾਲ, ਉਨ੍ਹਾਂ ’ਤੇ ਤਾਣ ਦਿੱਤੀ। ਇਸ ਮਗਰੋਂ ਮੁਲਜ਼ਮ ਆਪਣੀ ਮਾਰੂਤੀ ਕਾਰ ਛੱਡ ਕੇ ਹਨੇਰੇ ਕਾਰਨ ਫ਼ਰਾਰ ਹੋ ਗਏ। ਇਨ੍ਹਾਂ ਤੋਂ ਇਲਾਵਾ ਦੋ ਹੋਰ ਮੁਲਜ਼ਮ ਵੀ ਉਨ੍ਹਾਂ ਨਾਲ ਸਨ ਜਿਨ੍ਹਾਂ ਦੀ ਪਛਾਣ ਸੁਖਦੇਵ ਸਿੰਘ ਉਰਫ ਲੱਖੀ ਪਿੰਡ ਬੁੱਘੀਪੁਰਾ ਅਤੇ ਅਮਨਦੀਪ ਸਿੰਘ ਉਰਫ ਅਮਨਾ ਵਾਸੀ ਮੋਗਾ ਹੋਈ ਹੈ। ਥਾਣਾ ਮਹਿਣਾ ਪੁਲੀਸ ਮੁਲਜ਼ਮਾਂ ਖ਼ਿਲਾਫ਼ ਧਾਰਾ 307/186/353/427 ਅਤੇ ਅਸਲਾ ਐਕਟ ਤਹਿਤ ਕੇਸ ਦਰਜ਼ ਕਰ ਲਿਆ ਹੈ। ਸੂਤਰਾਂ ਅਨੁਸਾਰ ਚਾਰੇ ਮੁਲਜ਼ਮਾਂ ਨੁੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪੁਲੀਸ ਨੇ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਕੀਤੀ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All