ਨਿੱਜੀ ਪੱਤਰ ਪੇ੍ਰਕ
ਮੋਗਾ, 8 ਜੁਲਾਈ
ਪੰਜਾਬ ’ਚ ਅੱਜ ਕੱਲ ਨੌਜਵਾਨਾਂ ’ਚ ਕਬੂਤਰ ਪਾਲਣ ਦਾ ਸ਼ੌਕ ਵੱਧ ਗਿਆ ਹੈ। ਇਨਾਮ ਜਿੱਤਣ ਲਈ ਉਹ ਕਬੂਤਰਾਂ ਨੂੰ ਬਦਾਮ ਗਿਰੀ ਆਦਿ ਮਹਿੰਗੀ ਖੁਰਾਕ ਦਿੰਦੇ ਹਨ। ਇਥੇ ਬਾਜ਼ੀ ਲਾਉਂਦੇ ਕਬੂਤਰਾਂ ਨੇ ਆਪਣੇ ਮਾਲਕਾਂ ਦੀ ਚਿੱਠੀ ਥਾਣੇ ਪਹੁੰਚਾ ਦਿੱਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਆ ਕੇ ਨੱਪ ਲਿਆ ਅਤੇ ਥਾਣੇ ਲੈ ਗਏ। ਪੁਲੀਸ ਮੁਤਾਬਕ ਥਾਣਾ ਮਹਿਣਾ ਅਧੀਨ ਪਿੰਡ ਧੂੜਕੋਟ ਕਲਾਂ ਵਿਖੇ ਪਿੰਡ ਦੀ ਧਰਮਸ਼ਾਲਾ ’ਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਕਬੂਤਰਬਾਜ਼ੀ ਮੁਕਾਬਲੇ ਕਰਵਾ ਰਹੇ ਸਨ। ਉਨ੍ਹਾਂ ਕਿਹਾ ਕਿ ਜਿਥੇ ਇਹ ਲੋਕ ਕੋਵਿਡ-19 ਦੀ ਉਲੰਘਣਾ ਕਰ ਰਹੇ ਸਨ ਉਥੇ ਗੈਰ ਕਾਨੂੰਨੀ ਢੰਗ ਨਾਲ ਜਾਨਵਰਾਂ ਨੂੰ ਕਬਜ਼ੇ ਵਿੱਚ ਰੱਖਿਆ ਹੋਇਆ ਸੀ। ਜਾਂਚ ਅਧਿਕਾਰੀ ਨੈਬ ਸਿੰਘ ਨੇ ਦੱਸਿਆ ਕਿ ਕਬੂਤਰਾਂ ਦੀ ਬਾਜ਼ੀ ਲਾਉਂਦੇ 27 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜਸਕੀਰਤ ਸਿੰਘ ਪਿੰਡ ਧੂੜਕੋਟ ਕਲਾਂ, ਯਾਦਵਿੰਦਰ ਸਿੰਘ ਪਿੰਡ ਧੂੜਕੋਟ ਟਾਹਲੀਵਾਲਾ, ਗੁਰਪ੍ਰੀਤ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਸਮੇਤ 15-20 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।