ਪੱਤਰ ਪ੍ਰੇਰਕ
ਮਾਨਸਾ, 6 ਅਕਤੂਬਰ
ਪੰਜਾਬ ਸਰਕਾਰ ਵੱਲੋਂ ਖੇਤੀ ਹਾਦਸਿਆਂ ਦਾ ਸ਼ਿਕਾਰ ਹੋਏ ਮਜ਼ਦੂਰ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣੀ ਆਰੰਭ ਦਿੱਤੀ ਗਈ ਹੈ। ਇਹ ਸਹਾਇਤਾ ਲੰਬੇ ਸਮੇਂ ਦੀ ਰੁਕੀ ਪਈ ਦੱਸੀ ਗਈ ਹੈ। ਇਹ ਸਹਾਇਤਾ ਰਾਸ਼ੀ ਵੰਡਣ ਦੀ ਸ਼ੁਰੂਆਤ ਅੱਜ ਮਾਨਸਾ ਜ਼ਿਲ੍ਹੇ ਵਿੱਚ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕੀਤੀ। ਉਨ੍ਹਾਂ ਮਾਰਕਿਟ ਕਮੇਟੀ ਦੇ ਰੈਸਟ ਹਾਊਸ ਵਿੱਚ ਅਮਰਜੀਤ ਕੌਰ ਹੀਰੇਵਾਲਾ ਨੂੰ 2 ਲੱਖ ਰੁਪਏ, ਸਤਵੀਰ ਕੌਰ ਘੁਰਕਣੀ ਨੂੰ 2 ਲੱਖ ਰੁਪਏ ਦੇ ਚੈੱਕ ਦਿੱਤੇ। ਉਨ੍ਹਾਂ ਦੱਸਿਆ ਕਿ ਜਿਹੜੇ ਪਰਿਵਾਰਕ ਜੀਆਂ ਦੀ ਖੇਤਾਂ ਵਿੱਚ ਕੰਮ ਕਰਦਿਆਂ ਮੌਤ ਹੋ ਜਾਂਦੀ ਹੈ, ਉਨ੍ਹਾਂ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਜਿਹੜਿਆਂ ਦੇ ਸਰੀਰਕ ਅੰਗ ਕੱਟੇ ਜਾਂਦੇ ਹਨ, ਉਨ੍ਹਾਂ ਨੂੰ ਬਣਦੀ ਯੋਗ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਗੁਰਪਿੰਦਰ ਸਿੰਘ ਭਲਾਈਕੇ ਨੂੰ 10 ਹਜ਼ਾਰ ਰੁਪਏੇ, ਸੁਖਦੇਵ ਸਿੰਘ ਝੁਨੀਰ ਨੂੰ 10 ਹਜ਼ਾਰ ਰੁਪਏ ਅਤੇ ਪਰਮਜੀਤ ਕੌਰ ਘੁਰਕਣੀ ਨੂੰ 20 ਹਜ਼ਾਰ ਰੁਪਏ ਦੇ ਚੈੱਕ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਸਰਦੂਲਗੜ੍ਹ ਅਤੇ ਬੁਢਲਾਡਾ ਵਿੱਚ ਵੀ ਜਲਦੀ ਇਹ ਰਾਸ਼ੀ ਵੰਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਪੱਖੀ ਹੈ ਅਤੇ ਉਸ ਵੱਲੋਂ ਕੀਤੇ ਗਏ ਵਾਅਦੇ ਪੂਰੀ ਤਨਦੇਹੀ ਨਾਲ ਨਿਭਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀਬਾੜੀ ਹਾਦਸਿਆਂ ਦੇ ਸ਼ਿਕਾਰ ਪਰਿਵਾਰਾਂ ਨੂੰ ਇਹ ਆਰਥਿਕ ਸਹਾਇਤਾ ਦਿੱਤੀ ਗਈ ਹੈ ਅਤੇ ਅੱਗੇ ਵੀ ਇਹ ਸਹਾਇਤਾ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਮਾਰਕਿਟ ਕਮੇਟੀ ਦੇ ਸਕੱਤਰ ਜੈ ਸਿੰਘ ਸਿੱਧੂ, ਸੁਪਰਡੈਂਟ ਅਮਰਪ੍ਰੀਤ ਸਿੰਘ ਵੀ ਮੌਜੂਦ ਸਨ।