ਮੰਡੀ ’ਚ ਝੋਨੇ ਦੀ ਆਮਦ ਘਟੀ, ਬਾਸਮਤੀ ਦੁੱਗਣੀ ਹੋਣ ਦੇ ਆਸਾਰ : The Tribune India

ਮੰਡੀ ’ਚ ਝੋਨੇ ਦੀ ਆਮਦ ਘਟੀ, ਬਾਸਮਤੀ ਦੁੱਗਣੀ ਹੋਣ ਦੇ ਆਸਾਰ

ਮੰਡੀ ’ਚ ਝੋਨੇ ਦੀ ਆਮਦ ਘਟੀ, ਬਾਸਮਤੀ ਦੁੱਗਣੀ ਹੋਣ ਦੇ ਆਸਾਰ

ਮਾਰਕਿਟ ਕਮੇਟੀ ਮਲੋਟ ਦੇ ਸਕੱਤਰ ਅਮਨਦੀਪ ਸਿੰਘ ਕੰਗ ਜਾਣਕਾਰੀ ਦਿੰਦੇ ਹੋਏ।

ਲਖਵਿੰਦਰ ਸਿੰਘ ਬਰਾੜ

ਮਲੋਟ, 24 ਨਵੰਬਰ

ਮਲੋਟ ਦਾਣਾ ਮੰਡੀ ਵਿੱਚ ਇਸ ਵਾਰ ਝੋਨੇ ਨਾਲੋਂ ਬਾਸਮਤੀ ਦੀ ਆਮਦ ਲਗਪਗ ਦੁੱਗਣੀ ਹੋਣ ਦੇ ਆਸਾਰ ਹਨ। ਇਸ ਵਾਰ ਝੋਨੇ ਦੀ ਕੁੱਲ ਆਮਦ 345546, ਜਦੋਂਕਿ ਪਿਛਲੇ ਸਾਲ 351481 ਮੀਟਰਕ ਟਨ ਰਹੀ ਸੀ। ਲਗਪਗ 5935 ਮੀਟ੍ਰਿਕ ਟਨ ਝੋਨਾ ਇਸ ਵਾਰ ਘਟਿਆ ਹੈ। ਇਸੇ ਤਰ੍ਹਾਂ ਬਾਸਮਤੀ ਦੀ ਆਮਦ ਪਿਛਲੇ ਸਾਲ 37065 ਮੀਟਰਕ ਟਨ ਸੀ, ਜਦੋਂਕਿ ਇਸ ਵਾਰ ਹੁਣ ਤੱਕ 12000 ਮੀਟਰਕ ਟਨ ਦੀ ਆਮਦ ਹੋ ਚੁੱਕੀ ਹੈ ਤੇ ਇਸਦੀ ਖਰੀਦ ਅਜੇ 15 ਜਨਵਰੀ ਤੱਕ ਚੱਲਣੀ ਹੈ। ਸਕੱਤਰ ਮਾਰਕਿਟ ਕਮੇਟੀ ਮਲੋਟ ਅਮਨਦੀਪ ਸਿੰਘ ਕੰਗ ਨੇ ਦੱਸਿਆ ਕਿ ਖਰੀਦ ਦੇ ਅਖੀਰ ਤੱਕ ਬਾਸਮਤੀ ਦੀ ਆਮਦ ਅੱਜ ਨਾਲੋਂ ਦੁੱਗਣੀ ਹੋਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਬਹੁਤੇ ਕਿਸਾਨਾਂ ਨੇ ਨਰਮੇ ਦੀ ਫ਼ਸਲ ਖਰਾਬ ਹੋਣ ਕਾਰਨ ਸਮੇਂ ਦੇ ਹਿਸਾਬ ਨਾਲ ਬਾਸਮਤੀ ਦੀ ਬਿਜਾਂਦ ਕੀਤੀ ਸੀ, ਕਿਉਂਕਿ ਉਸ ਵੇਲੇ ਤੱਕ ਝੋਨਾ ਲਾਉਣ ਦਾ ਸਮਾਂ ਨਿੱਕਲ ਚੁੱਕਿਆ ਸੀ। ਉਟ੍ਹਾਂ ਕਿਹਾ ਕਿ ਬਹੁਤੇ ਕਿਸਾਨਾਂ ਨੇ ਭਾਅ ਵਧਣ ਦੀ ਆਸ ਵਿੱਚ ਬਾਸਮਤੀ ਨੂੰ ਆਪੋ-ਆਪਣੇ ਘਰਾਂ ਵਿੱਚ ਹੀ ਰੱਖਿਆ ਹੋਇਆ ਹੈ। ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੀ ਫਸਲ ਨੂੰ ਵੇਲੇ ਸਿਰ ਮੰਡੀ ਵਿੱਚ ਲਿਆਉਣ ਤਾਂ ਕਿ ਫਸਲ ਦਾ ਠੀਕ ਮੁੱਲ ਲਿਆ ਜਾ ਸਕੇ। ਇਕ ਸਵਾਲ ਦੇ ਜਵਾਬ ਵਿੱਚ ਉਟ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ। 

ਐੱਫਸੀਆਈ ਝੋਨਾ ਖਰੀਦਣ ’ਚ ਪੱਛੜੀ

ਮਾਨਸਾ (ਪੱਤਰ ਪ੍ਰੇਰਕ) ਮਾਲਵਾ ਖੇਤਰ ’ਚੋਂ ਕੇਂਦਰੀ ਖਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫਸੀਆਈ) ਝੋਨਾ ਖਰੀਦਣ ’ਚ ਹੁਣ ਪੱਛੜਨ ਲੱਗੀ ਹੈ। ਭਾਵੇਂ ਪੰਜਾਬ ਦੀਆਂ ਖਰੀਦ ਏਜੰਸੀਆਂ ਵੀ ਇਸ ਕੇਂਦਰੀ ਏਜੰਸੀ ਦੇ ਅਧੀਨ ਹੀ ਕੰਮ ਕਰਦੀਆਂ ਹਨ, ਪਰ ਐਫਸੀਆਈ ਹੁਣ ਪਹਿਲਾਂ ਦੇ ਮੁਕਾਬਲੇ ਝੋਨੇ ਨੂੰ ਬਹੁਤ ਘੱਟ ਖਰੀਦਣ ਲੱਗੀ ਹੈ। ਇਸ ਵਾਰ ਬੇਸ਼ੱਕ ਇਸ ਏਜੰਸੀ ਨੇ 5 ਪ੍ਰਤੀਸ਼ਤ ਖਰੀਦ ਕਰਨ ਦੀ ਅਲਾਟਮੈਂਟ ਲਈ ਹਾਮੀ ਭਰੀ ਸੀ, ਪਰ ਮਾਨਸਾ ਜ਼ਿਲ੍ਹੇ ’ਚ ਇਸ ਵੱਲੋਂ ਇਹ ਟੀਚਾ ਪੂਰਾ ਨਾ ਹੋਣ ਦੇ ਵੇਰਵੇ ਸਾਹਮਣੇ ਆਏ ਹਨ। ਮਾਨਸਾ ’ਚ 8 ਲੱਖ 47 ਹਜ਼ਾਰ ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ’ਚੋਂ ਐਫ.ਸੀ.ਆਈ 3585.29 ਮੀਟਰਕ ਟਨ ਝੋਨਾ ਹੀ ਖਰੀਦ ਸਕੀ, ਜਦੋਂਕਿ ਪਨਗਰੇਨ ਵੱਲੋਂ 298110.62 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ ਤੇ ਮਾਰਕਫੈੱਡ ਵੱਲੋਂ 217142 ਮੀਟਰਕ ਟਨ, ਪਨਸਪ ਵੱਲੋਂ 205798.46, ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਨੇ 110377.88 ਮੀਟਰਕ ਟਨ ਤੇ ਪ੍ਰਾਈਵੇਟ ਵਪਾਰੀਆਂ ਵੱਲੋਂ 774 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All