ਧਰਨੇ ਦੌਰਾਨ ਔਰਤ ਦੀ ਮੌਤ ਦਾ ਮਾਮਲਾ

ਕਿਸਾਨ ਜਥੇਬੰਦੀ ਤੇ ਪ੍ਰਸ਼ਾਸਨ ਵਿਚਾਲੇ ਸਮਝੌਤਾ ਸਿਰੇ ਨਾ ਚੜ੍ਹਿਆ

ਕਿਸਾਨ ਜਥੇਬੰਦੀ ਤੇ ਪ੍ਰਸ਼ਾਸਨ ਵਿਚਾਲੇ ਸਮਝੌਤਾ ਸਿਰੇ ਨਾ ਚੜ੍ਹਿਆ

ਡੀ.ਸੀ ਮਾਨਸਾ ਦੀ ਰਿਹਾਇਸ਼ ਨੇੜੇ ਮੁੱਖ ਮਾਰਗ ’ਤੇ ਲਾਏ ਜਾਮ ਨੂੰ ਸੰਬੋਧਨ ਕਰਦਾ ਇੱਕ ਕਿਸਾਨ ਆਗੂ। -ਫੋਟੋ:ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 27 ਅਕਤੂਬਰ

17 ਦਿਨਾਂ ਤੋਂ ਤੇਜ ਕੌਰ ਦੇ ਅੰਤਿਮ ਸੰਸਕਾਰ ਦਾ ਮਾਮਲਾ ਲਟਕ ਰਿਹਾ ਹੈ। ਕਿਸਾਨ ਜਥੇਬੰਦੀ ਅਤੇ ਪ੍ਰਸ਼ਾਸਨ ਵਿਚਕਾਰ ਸਮਝੌਤਾ ਕਿਸੇ ਤਣ ਪੱਤਣ ਨਾ ਲੱਗ ਸਕਿਆ। ਭਾਵੇਂ ਅੱਜ ਕਿਸਾਨਾਂ ਦੀ ਧਿਰ ਨੂੰ ਮਾਨਸਾ ਦੇ ਐੱਸਡੀਐੱਮ ਨੇ ਬੁਲਾਇਆ,ਪਰ ਗੱਲ ਫਿਰ ਮੁਆਵਜ਼ਾ ਨਾ ਦੇਣ ਕਾਰਨ ਟੁੱਟ ਗਈ। ਜਿਹੜੇ ਅਧਿਕਾਰੀਆਂ ਨੇ ਦਸਹਿਰੇ ਤੋਂ ਪਹਿਲਾਂ ਜਥੇਬੰਦੀ ਨੂੰ ਸਮਝੌਤੇ ਦਾ ਭਰੋਸਾ ਦੇ ਕੇ ਡੀ.ਸੀ ਦੀ ਰਿਹਾਇਸ਼ ਦਾ ਗੇਟ ਖਾਲੀ ਕਰਵਾ ਲਿਆ ਸੀ, ਉਹ ਅਧਿਕਾਰੀ ਅੱਜ ਦੀ ਮੀਟਿੰਗ ਤੋਂ ਵੀ ਦੂਰ ਹੀ ਰਹੇ। ਅਧਿਕਾਰੀਆਂ ਦੇ ਫੋਕੇ ਭਰੋਸਿਆਂ ਤੋਂ ਅੱਕੇ ਕਿਸਾਨਾਂ ਨੇ ਡੀ.ਸੀ ਦੀ ਰਿਹਾਇਸ਼ ਨੇੜੇ ਸਿਰਸਾ-ਲੁਧਿਆਣਾ ਮੁੱਖ ਮਾਰਗ ‘ਤੇ ਚਾਰ ਘੰਟਿਆਂ ਲਈ ਜਾਮ ਲਾਈ ਰੱਖਿਆ।

ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬੁਢਲਾਡਾ ਰੇਲਵੇ ਸਟੇਸ਼ਨ ‘ਤੇ ਰੇਲ ਜਾਮ ਦੌਰਾਨ ਮਾਤਾ ਤੇਜ ਕੌਰ ਦੀ ਡਿੱਗਣ ਕਾਰਨ ਮੌਤ ਹੋ ਗਈ ਸੀ, ਜਿਸ ਦਾ ਅਜੇ ਤੱਕ ਸਸਕਾਰ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਜਥੇਬੰਦੀ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਹੀ ਹੈ ਕਿ ਤੇਜ ਕੌਰ ਤੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਤੇ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਜਥੇਬੰਦੀ ਵੱਲੋਂ 13 ਅਕਤੂਬਰ ਤੋਂ ਡੀਸੀ ਦੇ ਦਫ਼ਤਰ ਦਾ ਮੇਨ ਗੇਟ ਘੇਰਿਆ ਹੋਇਆ ਹੈ ਜਦੋਂ ਕਿ ਚਾਰ ਦਿਨ ਡੀ.ਸੀ. ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀਆਂ ਵੱਲੋਂ ਸੋਮਵਾਰ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦੇਣ ਕਾਰਨ ਡੀ.ਸੀ. ਦੀ ਰਿਹਾਇਸ਼ ਦਾ ਘਿਰਾਓ ਨੂੰ ਧਰਨੇ ਵਿੱਚ ਬਦਲ ਦਿੱਤਾ ਗਿਆ ਸੀ,ਪਰ ਜਦੋਂ ਦਿੱਤੇ ਗਏ ਭਰੋਸੇ ‘ਤੇ ਅਮਲ ਨਹੀਂ ਹੋਇਆ। ਮਜਬੂਰਨ ਅੱਜ ਟਰੈਫਿਕ ਜਾਮ ਕਰਨਾ ਪਿਆ ਹੈ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਉਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀਬਾਘਾ, ਮਲਕੀਤ ਸਿੰਘ ਕੋਟ ਧਰਮੂ, ਸੁਖਵਿੰਦਰ ਸਿੰਘ ਭੋਲਾ, ਭਾਨ ਸਿੰਘ ਬਰਨਾਲਾ ਤੇ ਮਨਪ੍ਰੀਤ ਕੌਰ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ। ਸਿਵਲ ਅਧਿਕਾਰੀਆਂ ਨੇ ਕਿਸਾਨ ਜਥੇਬੰਦੀ ਨੂੰ ਅੱਜ ਮੁੜ ਗੱਲਬਾਤ ਲਈ ਬੁਲਾਇਆ ਸੀ ਜਿਸ ਵਿੱਚ ਐੱਸਡੀਐੱਮ ਸ਼ਿਖਾ ਭਗਤ ਤੇ ਤਹਿਸੀਲਦਾਰ ਅਮਰਜੀਤ ਸਿੰਘ ਨੇ ਸਸਕਾਰ ਲਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਇੰਦਰਜੀਤ ਸਿੰਘ ਝੱਬਰ ਅਤੇ ਮਾਤਾ ਦੇ ਪੁੱਤਰਾਂ ਬਾਬੂ ਸਿੰਘ ਤੇ ਮਿੱਠੂ ਸਿੰਘ ਨੂੰ ਅਪੀਲ ਕੀਤੀ, ਜੋ ਜਥੇਬੰਦਕ ਮੰਗ ਨਾ ਮੰਨੇ ਜਾਣ ਕਾਰਨ ਗੱਲਬਾਤ ਕਿਸੇ ਤਣ-ਪੱਤਣ ਨਾ ਲੱਗ ਸਕੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All