ਮਨੋਜ ਸ਼ਰਮਾ
ਬਠਿੰਡਾ, 6 ਜੁਲਾਈ
ਬੀਐੱਸਐੱਨਐੱਲ ਦੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਕਾਮਿਆਂ ਨੇ ਅੱਜ ਭਾਰਤ ਨਗਰ ਮੁੱਖ ਦਫ਼ਤਰ ਵਿੱਚ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪ੍ਰਧਾਨ ਸੰਜੇ ਸਿੰਘ ਨੇ ਦੋਸ਼ ਲਾਏ ਕਿ ਦੂਰ ਸੰਚਾਰ ਵਿਭਾਗ ਦੇ ਕੱਚੇ ਕਾਮੇ ਲਗਾਤਾਰ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਬੀਐਸਐਨਐਲ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ ਸਗੋਂ ਉਨ੍ਹਾਂ ਦੀਆਂ ਨਿਗੂਣੀਆਂ ਤਨਖ਼ਾਹਾਂ ਦੇਣ ਤੋਂ ਵੀ ਲੰਮੇ ਸਮੇਂ ਤੋਂ ਕੰਨੀ ਕਤਰਾਈ ਜਾ ਰਹੀ ਹੈ। ਖ਼ਫ਼ਾ ਹੋਏ ਕੱਚੇ ਕਾਮੇ ਰੇਸ਼ਮ ਸਿੰਘ, ਰਾਜਾ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ ਟਾਵਰ ’ਤੇ ਚੜ੍ਹ ਗਏ, ਜਿਸ ਕਾਰਨ ਦੂਰ ਸੰਚਾਰ ਵਿਭਾਗ ਦੇ ਉੱਚ ਅਫਸਰਾਂ ਨੂੰ ਭਾਜੜਾਂ ਪੈ ਗਈਆਂ। ਖ਼ਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਰਾਮਪੁਰਾ ਫੁੂਲ ਹਲਕੇ ਦੇ ਇੰਚਾਰਜ ਜਤਿੰਦਰ ਸਿੰਘ ਭੱਲਾ ਵੀ ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਸਨ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਐਸਐਸਪੀ ਬਠਿੰਡਾ ਲਾਮ ਲਸ਼ਕਰ ਨਾਲ ਪੁੱਜੇ ਹੋਏ ਸਨ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ।
ਉਧਰ, ਇਸ ਸਬੰਧੀ ਵਿਭਾਗ ਦੇ ਜੀਐਮ ਰਾਹੁਲ ਅਸ਼ੋਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਠੇਕੇਦਾਰ ਨੂੰ ਬੀਐੱਸਐੱਨਐੱਲ ਵੱਲੋਂ ਪੇਮੈਂਟ ਨਹੀਂ ਕੀਤੀ ਗਈ, ਜਿਸ ਕਾਰਨ ਉਕਤ ਕੱਚੇ ਕਾਮਿਆਂ ਦੀਆਂ ਤਨਖਾਹ ਰੁਕੀਆਂ ਹਨ। ਉਹ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾਉਣਗੇ।