ਅਧਿਆਪਕਾਂ ਨੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਘੇਰੀਆਂ
ਟੈੱਟ ਦੀ ਬੇਲੋੜੀ ਸ਼ਰਤ ਰੱਦ ਕਰਨ ਅਤੇ ਬਾਕੀ ਮੰਗਾਂ ਜਲਦੀ ਲਾਗੂ ਕਰਨ ਦੀ ਮੰਗ
ਸੁਪਰੀਮ ਕੋਰਟ ਵੱਲੋਂ ਅਧਿਆਪਕਾਂ ਲਈ ਅਧਿਆਪਕ ਯੋਗਤਾ ਟੈਸਟ (ਟੈੱਟ) ਪਾਸ ਕਰਨ ਦੇ ਆਦੇਸ਼ਾਂ ਨੂੰ ਸਰਕਾਰ ਵੱਲੋਂ ਲਾਗੂ ਕੀਤੇ ਜਾਣ ਦਾ ਅਧਿਆਪਕਾਂ ਨੇ ਵਿਰੋਧ ਕੀਤਾ। ਅਧਿਆਪਕਾਂ ਨੇ ਇਸ ਸ਼ਰਤ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ’ਤੇ ਦਬਾਅ ਬਣਾਉਣ ਵਾਸਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬਲਜਿੰਦਰ ਸਿੰਘ, ਜਗਪਾਲ ਸਿੰਘ ਬੰਗੀ, ਰੇਸ਼ਮ ਸਿੰਘ ਖੇਮੋਆਣਾ, ਰਾਜਵੀਰ ਸਿੰਘ ਮਾਨ, ਹਰਜੀਤ ਸਿੰਘ ਜੀਦਾ, ਗੁਰਬਖ਼ਸ਼ ਸਿੰਘ, ਬਲਦੇਵ ਸਿੰਘ, ਜਗਸੀਰ ਸਿੰਘ ਸਹੋਤਾ, ਜਗਦੀਸ਼ ਕੁਮਾਰ ਜੱਗੀ, ਅੰਮ੍ਰਿਤਪਾਲ ਸਿੰਘ ਮਾਨ, ਜਗਤਾਰ ਸਿੰਘ ਬਾਠ, ਜੌਨੀ ਸਿੰਗਲਾ ਅਤੇ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਉੱਪਰ ਜਬਰੀ ਥੋਪੇ ਟੀ ਈ ਟੀ ਨੇ ਪਿਛਲੇ 25-30 ਸਾਲਾਂ ਤੋਂ ਨੌਕਰੀਆਂ ਕਰ ਰਹੇ ਅਧਿਆਪਕਾਂ ਦੇ ਰੁਜ਼ਗਾਰ ਉੱਪਰ ਕੁਹਾੜਾ ਚਲਾਉਣ ਦਾ ਕੰਮ ਕੀਤਾ ਹੈ, ਜਿਸ ਨੂੰ ਪੰਜਾਬ ਦੇ ਅਧਿਆਪਕ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਨਗੇ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ‘ਟੈੱਟ’ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ ਸੁਪਰੀਮ ਕੋਰਟ ਅੰਦਰ ਰਿਵਿਊ ਅਪੀਲ ਪਾ ਕੇ ਵਿਭਾਗ ਵੱਲੋਂ ਜਾਰੀ ਪੱਤਰ ਵਾਪਸ ਲਏ ਜਾਣ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ’ਤੇ ਮੁਲਾਜ਼ਮਾਂ ਲਈ ਰੁਜ਼ਗਾਰ ਮਾਰੂ ਨੀਤੀ ਬਣਾਉਣ ਦਾ ਦੋਸ਼ ਲਾਉਂਦਿਆਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ।
ਪ੍ਰਦਰਸ਼ਨ ’ਚ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਦੋਵੇਂ ਗਰੁੱਪ, ਜੀ ਟੀ ਯੂ, ਬੀ.ਐੱਡ ਅਧਿਆਪਕ ਫਰੰਟ, ਕੰਪਿਊਟਰ ਅਧਿਆਪਕ ਯੂਨੀਅਨ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਯੂਨੀਅਨ, ਈ ਟੀ ਟੀ ਟੀਚਰਜ਼ ਯੂਨੀਅਨ, ਐੱਸ ਐੱਸ ਏ/ਰਮਸਾ ਯੂਨੀਅਨ, ਆਦਰਸ਼ ਸਕੂਲ ਅਧਿਆਪਕ ਯੂਨੀਅਨ, ਈ ਟੀ ਟੀ ਅਧਿਆਪਕ ਯੂਨੀਅਨ, ਐੱਸ ਐੱਲ ਏ ਯੂਨੀਅਨ ਤੇ ਬੀ ਕੇ ਯੂ ਡਕੌਂਦਾ (ਧਨੇਰ) ਨਾਲ ਜੁੜੇ ਅਧਿਆਪਕ ਸ਼ਾਮਲ ਹੋਏ।
ਮਾਨਸਾ (ਜੋਗਿੰਦਰ ਸਿੰਘ ਮਾਨ): ਅਧਿਆਪਕ ਜਥੇਬੰਦੀਆਂ ਨੇ ਅਧਿਆਪਕਾਂ ’ਤੇ ਟੈੱਟ ਦੀ ਬੇਲੋੜੀ ਸ਼ਰਤ ਰੱਦ ਕਰਨ ਸਮੇਤ ਹੋਰ ਮੰਗਾਂ ਲਈ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਮਾਨਸਾ ਸਥਿਤ ਰਿਹਾਇਸ਼ ਅੱਗੇ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ। ਆਗੂਆਂ ਵੱਲੋਂ ਵਿਧਾਇਕ ਦੀ ਗ਼ੈਰ-ਮੌਜਦੂਗੀ ਵਿੱਚ ਪੀ ਏ ਨੂੰ ਮੰਗ ਪੱਤਰ ਸੌਂਪਿਆ ਗਿਆ। ਸੂਬਾ ਆਗੂ ਕਰਮਜੀਤ ਸਿੰਘ ਤਾਮਕੋਟ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਰਕਾਰੀ ਸੇਵਾਵਾਂ ਨਿਭਾਅ ਰਹੇ ਪੱਕੇ ਅਧਿਆਪਕਾਂ ਉੱਪਰ ਟੈੱਟ ਦੀ ਬੇਲੋੜੀ ਸ਼ਰਤ ਜਬਰੀ ਥੋਪਣ ਗਲਤ ਹੈ। ਅਧਿਆਪਕ ਆਗੂ ਨਰਿੰਦਰ ਮਾਖਾ, ਹੰਸਾ ਸਿੰਘ ਡੇਲੂਆਣਾ ਤੇ ਦਰਸ਼ਨ ਸਿੰਘ ਅਲੀਸ਼ੇਰ ਨੇ ਕਿਹਾ ਕਿ ਅਧਿਆਪਕ ਇਸ ਮਸਲੇ ’ਤੇ ਦੇਸ਼ ਪੱਧਰੀ ਸੰਘਰਸ਼ ਲੜਨ ਦੀ ਤਿਆਰੀ ਵਿੱਚ ਹਨ। ਇਸ ਮੌਕੇ ਕੌਰ ਸਿੰਘ ਫੱਗੂ, ਬਿੱਕਰਜੀਤ ਸਿੰਘ ਸਾਧੂਵਾਲਾ, ਹਰਜਿੰਦਰ ਅਨੂਪਗੜ੍ਹ, ਬੇਅੰਤ ਸਿੰਘ ਰੜ, ਰਾਜਵਿੰਦਰ ਸਿੰਘ ਬੈਹਣੀਵਾਲ, ਲਖਵਿੰਦਰ ਸਿੰਘ ਮਾਨ, ਸੁਖਵੀਰ ਸਿੰਘ ਅਤੇ ਜਸਵਿੰਦਰ ਸਿੰਘ ਚਾਹਲ ਨੇ ਵੀ ਸੰਬੋਧਨ ਕੀਤਾ।
ਵਿਧਾਇਕ ਸੇਖੋਂ ਨੂੰ ਮੰਗ ਪੱਤਰ ਦਿੱਤਾ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਲੰਬੇ ਸਮੇਂ ਤੋਂ ਸਰਕਾਰੀ ਸੇਵਾਵਾਂ ਨਿਭਾ ਰਹੇ ਪੱਕੇ ਅਧਿਆਪਕਾਂ ਉੱਪਰ ਟੈੱਟ ਦੀ ਸ਼ਰਤ ਥੋਪਣ ਖ਼ਿਲਾਫ਼ ਫ਼ਰੀਦਕੋਟ ਵਿੱਚ ਅਧਿਆਪਕਾਂ ਨੇ ਵਿਧਾਇਕਾਂ ਦੇ ਘਰਾਂ ਅੱਗੇ ਇਕੱਠੇ ਹੋ ਕੇ ਮੁਜ਼ਾਹਰੇ ਕੀਤੇ। ਡੀ ਟੀ ਐੱਫ ਫ਼ਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਗਗਨ ਪਾਹਵਾ ਨੇ ਦੱਸਿਆ ਕਿ ਫਰੀਦਕੋਟ ਦੇ ਤਿੰਨ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ ਅਤੇ ਅਮੋਲਕ ਸਿੰਘ ਦੇ ਘਰ ਅੱਗੇ ਰੋਸ ਪ੍ਰਗਟਾਇਆ ਗਿਆ ਹੈ। ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਮੁਜ਼ਾਹਰਾ ਕਰਨ ਤੋਂ ਬਾਅਦ ਵਿਧਾਇਕ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਅਧਿਆਪਕ ਆਗੂ ਹਰਜਸਦੀਪ ਸਿੰਘ ਅਤੇ ਅਜਾਇਬ ਸਿੰਘ ਨੇ ਸੰਬੋਧਨ ਕੀਤਾ।

