ਗੁਰਪ੍ਰੀਤ ਦੌਧਰ
ਅਜੀਤਵਾਲ, 19 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਹਰਗੋਬਿੰਦ ਹਾਈ ਸਕੂਲ ਮੱਦੋਕੇ ਦੇ ਅਧਿਆਪਕਾਂ ਨੇ ਸਕੂਲ ਦਾ ਗੇਟ ਬੰਦ ਕਰ ਕੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ। ਅਧਿਆਪਕਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੇ ਮਤਾ ਪਾਸ ਕਰ ਦਿੱਤਾ ਕਿ ਅਧਿਆਪਕਾਂ ਨੂੰ ਅੱਧੀ ਤਨਖਾਹ ਹੀ ਦਿੱਤੀ ਜਾਵੇਗੀ। ਪ੍ਰਬੰਧਕਾਂ ਨੇ 6 ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ। ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਬੱਚਿਆਂ ਤੋਂ ਪੂਰੀਆਂ ਫੀਸਾਂ ਸਮੇਤ ਕੰਪਿਊਟਰ ਫੀਸਾਂ ਲਈਆਂ ਜਾ ਰਹੀਆਂ ਹਨ। ਪ੍ਰਬੰਧਕਾਂ ਵੱਲੋਂ ਇਸ ਸੰਘਰਸ਼ ਵਿੱਚ ਸ਼ਾਮਲ ਮੂਹਰਲੀ ਕਤਾਰ ਦੇ ਚਾਰ ਅਧਿਆਪਕਾ ਦੀਆ ਸੇਵਾਵਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ। ਅਧਿਆਪਕਾਂ ਨੇ ਸਕੂਲ ਪ੍ਰਬੰਧਕਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਤਨਖਾਹਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਸਤੰਬਰ ਪ੍ਰੀਖਿਆ ਦੇ ਰੁਕਣ ਲਈ ਕਮੇਟੀ ਮੈਂਬਰ ਜ਼ਿੰਮੇਵਾਰ ਹੋਣਗੇ।
ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਘਰ ਕੁਝ ਵਿਅਕਤੀਆਂ ਨੂੰ ਭੇਜ ਕੇ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਉਨ੍ਹਾਂ ਬਾਕੀ ਅਧਿਆਪਕਾਂ ਦਾ ਸਾਥ ਦਿੱਤਾ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਦੀ ਵੀ ਨੌਕਰੀ ਚਲੀ ਜਾਵੇਗੀ। ਇਸ ਸਬੰਧੀ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਮੋਗਾ, ਜ਼ਿਲ੍ਹਾ ਸਿੱਖਿਆ ਅਫਸਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਕਦੇ ਵੀ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਕੋਈ ਵੀ ਮੀਟਿੰਗ ਨਹੀਂ ਕੀਤੀ ਜਾਂਦੀ ਸਗੋਂ ਆਪਣੇ ਫੈਸਲੇ ਧੱਕੇ ਨਾਲ ਅਧਿਆਪਕਾਂ ’ਤੇ ਠੋਸੇ ਜਾਂਦੇ ਹਨ ਅਤੇ ਅਧਿਆਪਕਾਂ ਨੂੰ ਆਪਣਾ ਪੱਖ ਰੱਖਣ ਲਈ ਕੋਈ ਵੀ ਮੌਕਾ ਨਹੀਂ ਦਿੱਤਾ ਜਾਂਦਾ। ਇਸ ਤੋਂ ਪਹਿਲਾਂ ਵੀ ਕਈ ਅਧਿਆਪਕਾਂ ਦੇ ਸਕੂਲ ਖਿਲਾਫ ਕੋਰਟ ਕੇਸ ਚੱਲ ਰਹੇ ਹਨ। ਪ੍ਰਸ਼ਾਸਨਿਕ ਕਾਰਵਾਈ ਤੋਂ ਨਾਰਾਜ਼ ਅਧਿਆਪਕਾਂ ਨੇ ਮੀਟਿੰਗ ਕਰਕੇ ਸਕੂਲ ਪ੍ਰਬੰਧਕ ਦੇ ਖਿਲਾਫ ਸੰਘਰਸ਼ ਕਰਨ ਦਾ ਐਲਾਨ ਕੀਤਾ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਸਕੂਲ ਪ੍ਰਬੰਧਕਾਂ ਸਾਡੀਆ ਮੰਗਾਂ ਨਹੀ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਅਤੇ ਜੋ ਵੀ ਨਤੀਜੇ ਸਾਹਮਣੇ ਆਤੇ ਉਸ ਲਈ ਸਕੂਲ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਲੇਖਕ ਹਰੀ ਸਿੰਘ ਢੁੱਡੀਕੇ, ਬਲਜੀਤ ਕੌਰ, ਹਰਮੀਤ ਕੌਰ, ਹਰਪਾਲ ਕੌਰ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।
‘ਸਾਡੇ ਕੋਲ ਪੈਸੇ ਨਹੀਂ ਹਨ’
ਟਰੱਸਟ ਦੇ ਮੈਂਬਰ ਰਾਮ ਸਿੰਘ ਮੱਦੋਕੇ ਨੇ ਕਿਹਾ,‘ਸਕੂਲ ਵਿੱਚ ਬੱਚਿਆਂ ਦੀ ਗਿਣਤੀ ਘਟਣ ਕਾਰਨ ਸਾਡੇ ਕੋਲ ਅਧਿਆਪਕਾਂ ਨੂੰ ਦੇਣ ਲਈ ਪੈਸੇ ਨਹੀਂ ਹਨ। ਜੇਕਰ ਬੱਚਿਆ ਦੀ ਗਿਣਤੀ ਵਧੇਗੀ ਤਾਂ ਵਿਚਾਰ ਕੀਤਾ ਜਾਵੇਗਾ।’