ਜੋਗਿੰਦਰ ਮਾਨ/ਗੁਰਸੇਵਕ ਪ੍ਰੀਤ
ਮਾਨਸਾ/ਸ੍ਰੀ ਮੁਕਤਸਰ ਸਾਹਿਬ, 2 ਜੁਲਾਈ
ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਬਜਟ ਵਿਰੁੱਧ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੱਦੇ ਤਹਿਤ ਅੱਜ ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ। ਆਗੂਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਡੀਟੀਐੱਫ ਦੇ ਮਾਨਸਾ ਯੂਨਿਟ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਬਜਟ ਸਿੱਖਿਆ ਅਤੇ ਮੁਲਾਜ਼ਮ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਤੇ ਹੈਂਡੀਕੈਪ ਸਫ਼ਰੀ ਭੱਤੇ ਸਮੇਤ ਮੁਲਾਜ਼ਮਾਂ ਦੇ ਕੱਟੇ ਗਏ ਭੱਤਿਆਂ ਨੂੰ ਬਹਾਲ ਕਰਨ, ਛੇਵੇਂ ਪੇ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮਾਂ ਦੇ ਰਹਿੰਦੇ ਸਾਰੇ ਲਾਭ ਅਤੇ ਬਕਾਏ ਲਾਗੂ ਕਰਨ, ਨਵੀਂ ਭਰਤੀ ਮੁੱਢਲੀ ਤਨਖ਼ਾਹ ਦੀ ਥਾਂ ਪੂਰੇ ਤਨਖ਼ਾਹ ਸਕੇਲਾਂ ’ਤ ਕਰਨ, ਕੰਪਿਊਟਰ ਅਧਿਆਪਕਾਂ ਦੀ ਪੇਅ ਕਮਿਸ਼ਨ ਸਮੇਤ ਵਿਭਾਗ ਵਿੱਚ ਰੈਗੂਲਰ ਸ਼ਿਫਟਿੰਗ ਕਰਨ, ਪ੍ਰਤੀ ਵਿਦਿਆਰਥੀ ਵਰਦੀ ਲਈ ਛੇ ਸੌ ਰੁਪਏ ਦੀ ਨਿਗੂਣੀ ਰਾਸ਼ੀ ਵਿੱਚ ਵਾਧਾ ਕਰਨ, ਮਿਡ-ਡੇ-ਮੀਲ ਕੁੱਕ ਵਰਕਰਾਂ ਉੱਪਰ ਘੱਟੋ-ਘੱਟ ਉਜਰਤਾਂ ਕਾਨੂੰਨ ਤਹਿਤ ਤਨਖ਼ਾਹ ਵਾਧੇ ਦੀ ਸਿਫ਼ਾਰਸ਼ ਕਰਨ ਆਦਿ ਬਾਰੇ ਕੋਈ ਗੱਲ ਨਹੀਂ ਕੀਤੀ ਗਈ।
ਉਧਰ, ਸ੍ਰੀ ਮੁਕਤਸਰ ਸਾਹਿਬ ਯੂਨਿਟ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਟਲੀ ਅਬਲੂ, ਖੁੰਡੇ ਹਲਾਲ, ਚੱਕ ਸ਼ੇਰੇਵਾਲਾ, ਮਾਂਗਟ ਕੇਰ, ਫੱਤਣਵਾਲਾ ਸਮੇਤ ਅਨੇਕਾਂ ਸਕੂਲਾਂ ਵਿੱਚ ਅਧਿਆਪਕਾਂ ਨੇ ਬਜਟ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਵੱਲੋਂ ਅਪਣਾਏ ਮੁਲਾਜ਼ਮ ਵਿਰੋਧੀ ਰੁਖ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਚਾਰ ਜੁਲਾਈ ਨੂੰ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਜਟ ਰਾਹੀਂ ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਨਿੱਜੀਕਰਨ ਦੀ ਨੀਤੀ ਨੂੰ ਧੜੱਲੇ ਨਾਲ ਲਾਗੂ ਕਰਨ ਦਾ ਕੰਮ ਜਾਰੀ ਰੱਖਿਆ ਹੈ। ਕੁਲਵਿੰਦਰ ਸਿੰਘ, ਪਰਮਾਤਮਾ ਸਿੰਘ, ਰਣਜੀਤ ਭਲਾਈਆਣਾ, ਅਸ਼ੋਕ ਸ਼ਰਮਾ ਆਦਿ ਨੇ ਦੋਸ਼ ਲਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਹਰ ਵਰਗ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਆਗੂਆਂ ਨੇ ਕਿਹਾ ਕਿ ਮੁਲਾਜ਼ਮ ਪੰਜਾਬ ਦੀ ‘ਆਪ’ ਸਰਕਾਰ ਦੇ ਅਜਿਹੇ ਰੁਖ਼ ਖਿਲਾਫ ਚੁੱਪ ਨਹੀਂ ਬੈਠਣਗੇ, ਸਗੋਂ ਸੰਘਰਸ਼ ਕਰਨਗੇ। ਹੋਰਨਾਂ ਤੋਂ ਇਲਾਵਾ ਅਮੋਲਕ ਡੇਲੂਆਣਾ, ਅਸ਼ਵਨੀ ਖੁਡਾਲ, ਪਰਮਜੀਤ ਬੱਪੀਆਣਾ, ਗੁਰਲਾਲ ਸਿੰਘ ਗੁਰਨੇ, ਕੌਰ ਸਿੰਘ ਫੱਗੂ, ਹੰਸਾ ਸਿੰਘ ਡੇਲੂਆਣਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ।