Teacher Shortage: ਢਿੱਲਵਾਂ ਸਕੂਲ ’ਚ ਅਧਿਆਪਕਾਂ ਦੀ ਘਾਟ ਤੋਂ ਪਿੰਡ ਵਾਸੀ ਖ਼ਫਾ
40 ’ਚੋਂ 22 ਅਸਾਮੀਆਂ ਖ਼ਾਲੀ; ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦਾ ਪ੍ਰਾਈਵੇਟ ਸਕੂਲਾਂ ਵੱਲ ਰੁਝਾਨ ਵਧਿਆ
ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੰਨਿਆ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ 31 ਹਜ਼ਾਰ ਤੋਂ ਵੱਧ ਅਸਾਮੀਆਂ ਖ਼ਾਲੀ ਹਨ। ਇਸ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕ ਲੰਬੇ ਸਮੇਂ ਤੋਂ ਭਰਤੀ ਦੀ ਮੰਗ ਕਰ ਰਹੇ ਹਨ। ਅਜਿਹੇ ਹੀ ਹਾਲਾਤ ਨੇੜਲੇ ਪਿੰਡ ਢਿੱਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵੀ ਹਨ, ਜਿੱਥੇ ਅੱਧੀਆਂ ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ। ਇਸ ਖ਼ਿਲਾਫ਼ ਅੱਜ ਪਿੰਡ ਦੀਆਂ ਸੰਘਰਸ਼ੀ ਜਥੇਬੰਦੀਆਂ ਨੇ ਸਕੂਲ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਖ਼ਾਲੀ ਅਸਾਮੀਆਂ ਤੁਰੰਤ ਭਰਨ ਦੀ ਮੰਗ ਕੀਤੀ।
ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਕੂਲ ਵਿੱਚ ਮਨਜ਼ੂਰਸ਼ੁਦਾ 40 ਅਸਾਮੀਆਂ ਵਿੱਚੋਂ 22 ਖ਼ਾਲੀ ਹਨ। ਇਸ ਕਾਰਨ ਮਾਪੇ ਅਤੇ ਵਿਦਿਆਰਥੀ ਪ੍ਰੇਸ਼ਾਨ ਹਨ ਅਤੇ ਨਿੱਜੀ ਸਕੂਲਾਂ ਦਾ ਰੁਖ਼ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਰੂਪ ਸਿੰਘ ਢਿੱਲਵਾਂ ਨੇ ਕਿਹਾ ਕਿ ਇੱਕ ਪਾਸੇ ਰੁਜ਼ਗਾਰ ਮੰਗਦੇ ਅਧਿਆਪਕ ਸਰਕਾਰੀ ਜਬਰ ਝੱਲ ਰਹੇ ਹਨ, ਦੂਜੇ ਪਾਸੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਗਤਾਰ ਸਿੰਘ ਢਿੱਲਵਾਂ ਨੇ ਸੂਬੇ ਦੀ ਸਿੱਖਿਆ ਕ੍ਰਾਂਤੀ ਨੂੰ ਮਹਿਜ਼ ਕਾਗਜ਼ੀ ਡਰਾਮਾ ਦੱਸਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਰਾਜੇਵਾਲ) ਦੇ ਗੋਰਾ ਸਿੰਘ ਢਿੱਲਵਾਂ ਨੇ ਕਿਹਾ ਕਿ ਪਿੰਡ ਵਿੱਚੋਂ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀ ਨਿੱਜੀ ਸਕੂਲਾਂ ਵਿੱਚ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਭਿੰਦਾ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਕਾਰ ਦੀ ਸਿੱਖਿਆ ਅਤੇ ਸਿਹਤ ਕ੍ਰਾਂਤੀ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ।
ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਨੇ ਵੀ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਦੇ ਬੱਚੇ ਪੜ੍ਹਦੇ ਹਨ, ਇਸ ਲਈ ਅਸਾਮੀਆਂ ਤੁਰੰਤ ਭਰੀਆਂ ਜਾਣ।
ਖ਼ਾਲੀ ਅਸਾਮੀਆਂ ਦਾ ਵੇਰਵਾ
ਸਕੂਲ ਵਿੱਚ ਪ੍ਰਿੰਸੀਪਲ ਦੀ ਇੱਕ, ਲੈਕਚਰਾਰ ਵਰਗ ਵਿੱਚ ਪੰਜਾਬੀ, ਅੰਗਰੇਜ਼ੀ, ਰਾਜਨੀਤੀ ਸ਼ਾਸਤਰ ਦੀਆਂ ਇੱਕ-ਇੱਕ ਅਤੇ ਵੋਕੇਸ਼ਨਲ ਕੋਰਸਾਂ ਵਿੱਚ ਚਾਰ ਅਸਾਮੀਆਂ ਖ਼ਾਲੀ ਹਨ। ਮਾਸਟਰ ਕੇਡਰ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੀਆਂ ਦੋ-ਦੋ, ਜਦਕਿ ਹਿੰਦੀ, ਸਰੀਰਕ ਸਿੱਖਿਆ, ਆਰਟ ਐਂਡ ਕਰਾਫਟ ਅਤੇ ਕੰਪਿਊਟਰ ਦੀ ਇੱਕ-ਇੱਕ ਅਸਾਮੀ ਖ਼ਾਲੀ ਹੈ। ਇਸ ਤੋਂ ਇਲਾਵਾ ਲਾਇਬ੍ਰੇਰੀ ਰਿਸਟੋਰਰ, ਵਰਕਸ਼ਾਪ ਅਟੈਂਡੈਂਟ, ਚਪੜਾਸੀ ਅਤੇ ਚੌਕੀਦਾਰ ਦੀਆਂ ਅਸਾਮੀਆਂ ਵੀ ਖ਼ਾਲੀ ਪਈਆਂ ਹਨ।

