ਨਿੱਜੀ ਪੱਤਰ ਪ੍ਰੇਰਕ
ਬਰਨਾਲਾ 7 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਰਨਾਲਾ ਦੇ ਪੰਕਜ ਕੁਮਾਰ ਗੋਇਲ ਨੂੰ ਸਨਮਾਨਿਤ ਕੀਤਾ ਗਿਆ ਹੈ। ਸਾਲ 2001 ’ਚ ਪੰਕਜ ਗੋਇਲ ਨੇ ਆਪਣੇ ਸਰਕਾਰੀ ਅਧਿਆਪਕ ਪਿਤਾ ਦੀ ਨੌਕਰੀ ਦੌਰਾਨ ਹੋਈ ਅਚਨਚੇਤ ਮੌਤ ਨਾਲ ਤਰਸ ਦੇ ਆਧਾਰ ’ਤੇ ਸਿੱਖਿਆ ਵਿਭਾਗ ’ਚ ਕਲਰਕ ਦੀ ਨੌਕਰੀ ਪ੍ਰਾਪਤ ਕੀਤੀ ਸੀ। ਨੌਕਰੀ ਦੌਰਾਨ ਪੰਕਜ ਨੇ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਬੀ.ਐੱਡ,ਐਮਏ (ਰਾਜਨੀਤੀ ਸ਼ਾਸਤਰ, ਅੰਗਰੇਜ਼ੀ ਅਤੇ ਅਰਥ ਸ਼ਾਸਤਰ) ਕੀਤੀ। ਸਾਲ 2007 ’ਚ ਪੰਕਜ ਤਰੱਕੀ ਕਰ ਕੇ ਬਤੌਰ ਐੱਸ ਐੱਸ ਮਾਸਟਰ ਪੜ੍ਹਾਉਣ ਲੱਗ ਪਿਆ ਤੇ 2016 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਪੜ੍ਹਾ ਰਹੇ ਹਨ। ਉਹ ਸਮਾਜਿਕ ਸਿੱਖਿਆ ਵਿਸ਼ੇ ਨੂੰ ਰੌਚਕ ਤਰੀਕੇ ਨਾਲ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੋੜ ਕੇ, ਪੜ੍ਹਾਉਣ ਵਿਧੀ ਵਿੱਚ ਬੱਚਿਆਂ ਦੀ ਸਰਗਰਮ ਭਾਗੀਦਾਰੀ ਬਣਾਉਣ ਲਈ ਖੁਦ ਤਿਆਰ ਕੀਤੀਆਂ ਵੀਡਿਓਜ਼, ਵਰਕਿੰਗ ਮਾਡਲਸ ਦੀ ਵਰਤੋਂ ਕਰ ਕੇ ਪੜ੍ਹਾਉਂਦਾ ਹੈ। ਉਨ੍ਹਾਂ ਦੀ ਮਿਹਨਤ ਸਦਕਾ ਸਾਲ 2021 ’ਚ ਸਕੂਲ ਦੀਆਂ ਵਿਦਿਆਰਥਣਾਂ ਆਰਏਏ ਮੁਕਾਬਲੇ ’ਚ ਸੂਬੇ ’ਚ ਪਹਿਲਾ (9ਵੀਂ ਅਤੇ 10ਵੀਂ) ਅਤੇ 50 ਵਿਦਿਆਰਥਣਾਂ ਐਨਆਈਐਮਐਮਐਸ ਅਤੇ ਪੀਐਸਟੀਐਸਈ ਪ੍ਰੀਖਿਆਵਾਂ ਪਾਸ ਕਰ ਚੁੱਕੀਆਂ ਹਨ। ਇਸੇ ਸਾਲ ਸਕੂਲ ਦੀ ਵਿਦਿਆਰਥਣ ਜਸਲੀਨ ਕੌਰ ਨੇ ਸੂਬੇ ’ਚ ਐਨਆਈਐਮਐਮਐਸ ਦੀ ਪ੍ਰੀਖਿਆ ਪਾਸ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।