Punjab ਅਤੇ ਕੇਂਦਰ ਸਰਕਾਰ ’ਤੇ ਨਿਸ਼ਾਨੇ ਸੇਧੇ
ਨਿਸ਼ਾਨਦੇਹੀ ਵਿਰੁੱਧ ਲੋਕਾਂ ਨੂੰ ਲਾਮਬੰਦ ਕੀਤਾ; ਮੰਡੀਆਂ ’ਚ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਵਾਂਗੇ: ਲੱਖਾ ਸਿਧਾਣਾ
ਹਲਕਾ ਮੌੜ ਦੇ ਪਿੰਡ ਮੰਡੀ ਕਲਾਂ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਏ ਭਰਵੇਂ ਇਕੱਠ ਦੌਰਾਨ ਵਾਰਿਸ ਪੰਜਾਬ ਦੇ ਆਗੂ ਲੱਖਾ ਸਿਧਾਣਾ ਨੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਥਾਨਕ ਮਸਲਿਆਂ ਸਬੰਧੀ ਪੰਜਾਬ ਤੇ ਕੇਂਦਰ ਸਰਕਾਰਾਂ ’ਤੇ ਤਿੱਖੇ ਨਿਸ਼ਾਨੇ ਸੇਧੇ। ਹਲਕਾ ਮੌੜ ਦੇ ਪਿੰਡਾਂ ਵਿੱਚ ਪ੍ਰਾਈਵੇਟ ਕੰਪਨੀ ਵੱਲੋਂ ਕੀਤੀ ਗਈ ਜ਼ਮੀਨਾਂ ਦੀ ਨਿਸ਼ਾਨਦੇਹੀ ਦਾ ਗੰਭੀਰ ਨੋਟਿਸ ਲੈਂਦਿਆਂ ਲੱਖਾ ਸਿਧਾਣਾ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਦੀ ਧਰਤੀ ਨੂੰ ਵੱਡੇ ਭੂ ਮਾਫ਼ੀਏ ਨੂੰ ਦੇਣ ਤੋਂ ਬਚਾਇਆ ਜਾ ਸਕੇ ਨਹੀਂ ਤਾਂ ਪੰਜਾਬ ਜ਼ਿਮੀਂਦਾਰ ਨਹੀਂ ਅਖਵਾ ਸਕਣਗੇ। ਉਨ੍ਹਾਂ ਕਿਹਾ ਕਿ ਨਿਸ਼ਾਨਦੇਹੀ ਦੇ ਨਾਮ ਹੇਠ ਗਰੀਬਾਂ ਅਤੇ ਕਿਸਾਨਾਂ ਦਾ ਉਜਾੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਸਮੇਂ ਪੰਜਾਬ ਵਿੱਚ ਨਸ਼ਾ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ, ਜਿਸ ਨੇ ਸਾਡੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਲੋਕਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਅਤੇ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕਰਦਿਆਂ ਮੌੜ ਮੰਡੀ ਵਿਖੇ 31 ਅਗਸਤ ਨੂੰ ਰੱਖੇ ਇਕੱਠ ਵਿੱਚ ਪਰਿਵਾਰ ਸਮੇਤ ਸ਼ਾਮਲ ਹੋਣ ਲਈ ਕਿਹਾ। ਇਸ ਦੇ ਨਾਲ ਹੀ ਦੁਕਾਨਦਾਰਾਂ ਦੀ ਮੰਗ ਬਾਰੇ ਸਿਧਾਣਾ ਨੇ ਵਿਸ਼ਵਾਸ ਦਿਵਾਇਆ ਕਿ ਮੰਡੀਆਂ ਵਿੱਚ ਵਿੱਚ ਆ ਰਹੀ ਪਾਰਕਿੰਗ ਦੀ ਵੱਡੀ ਸਮੱਸਿਆ ਦਾ ਹੱਲ ਉਨ੍ਹਾਂ ਦੀ ਸਰਕਾਰ ਬਣਨ ਮਗਰੋਂ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।

