Talwandi Sabo: ਤਲਵੰਡੀ ਸਾਬੋ ਰਜਵਾਹਾ ਮੁੜ ਟੁੱਟਿਆ
ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ; ਮੁਰੰਮਤ ਮਗਰੋਂ ਮੁਡ਼ ਛੱਡਿਆ ਸੀ ਪਾਣੀ
ਝੋਨੇ ਦੇ ਸੀਜ਼ਨ ਦੌਰਾਨ ਰਜਵਾਹੇ ਦੇ ਵਾਰ-ਵਾਰ ਟੁੱਟਣ ਅਤੇ ਲਗਾਤਾਰ ਬੰਦ ਰਹਿਣ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਕਿਸਾਨਾਂ ਨੂੰ ਉਸ ਵੇਲੇ ਹੋਰ ਝਟਕਾ ਲੱਗਾ ਜਦੋਂ ਮੁਰੰਮਤ ਮਗਰੋਂ ਪਾਣੀ ਛੱਡਦੇ ਹੀ ਤਲਵੰਡੀ ਸਾਬੋ ਰਜਵਾਹਾ ਮੁੜ ਟੁੱਟ ਗਿਆ। ਅੱਧੀ ਰਾਤ ਸਮੇਂ ਪਏ ਇਸ ਪਾੜ ਕਾਰਨ ਜਿੱਥੇ ਖੇਤਾਂ ਵਿੱਚ ਦੁਬਾਰਾ ਪਾਣੀ ਭਰ ਗਿਆ, ਉੱਥੇ ਰਜਵਾਹੇ ਨਾਲ ਲੱਗਦੀਆਂ ਕੁਝ ਰਿਹਾਇਸ਼ੀ ਕਲੋਨੀਆਂ ਦੇ ਘਰਾਂ ਤੱਕ ਵੀ ਪਾਣੀ ਪੁੱਜ ਗਿਆ। ਜਾਣਕਾਰੀ ਅਨੁਸਾਰ 10 ਜੂਨ ਨੂੰ ਨਿਹੰਗ ਸਿੰਘਾਂ ਦੇ ਪੜਾਅ ਨੇੜੇ ਰਜਵਾਹੇ ਵਿੱਚ ਵੱਡਾ ਪਾੜ ਪੈ ਗਿਆ ਸੀ, ਜਿਸ ਕਾਰਨ ਝੋਨੇ ਦੀਆਂ ਪਨੀਰੀਆ ਅਤੇ ਘਰਾਂ ਨੂੰ ਨੁਕਸਾਨ ਪੁੱਜਿਆ ਸੀ। ਇਸ ਤੋਂ ਬਾਅਦ ਨਹਿਰੀ ਵਿਭਾਗ ਵੱਲੋਂ ਕਰੀਬ 10 ਦਿਨ ਮੁਰੰਮਤ ਦਾ ਕੰਮ ਚਲਾਉਣ ਮਗਰੋਂ ਬੀਤੇ ਦਿਨ ਰਜਬਾਹੇ ਵਿੱਚ ਮੁੜ ਪਾਣੀ ਛੱਡਿਆ ਗਿਆ, ਪਰ ਕੁਝ ਹੀ ਘੰਟਿਆਂ ਬਾਅਦ ਲਗਪਗ ਉਸੇ ਥਾਂ ’ਤੇ ਦੁਬਾਰਾ ਪਾੜ ਪੈ ਗਿਆ। ਪੀੜਤ ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਪਾਣੀ ਖੇਤਾਂ ਵਿੱਚ ਫੈਲਣ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਰਜਵਾਹੇ ਦੇ ਵਾਰ-ਵਾਰ ਟੁੱਟਣ ਅਤੇ ਨਹਿਰ ਬੰਦੀ ਕਾਰਨ ਕਿਸਾਨ ਪਹਿਲਾਂ ਹੀ ਸਿੰਜਾਈ ਸੰਕਟ ਨਾਲ ਜੂਝ ਰਹੇ ਹਨ। ਝੋਨੇ ਦੀ ਲੁਆਈ ਸਮੇਂ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਉੱਧਰ ਰਜਵਾਹੇ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਵਾਟਰ ਵਰਕਸਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ, ਜਿਸ ਨਾਲ ਤਲਵੰਡੀ ਸਾਬੋ ਸ਼ਹਿਰ ਵਿੱਚ ਸੀਮਤ ਪਾਣੀ ਸਪਲਾਈ ਕੀਤੀ ਜਾ ਰਹੀ ਹੈ। ਰਜਵਾਹੇ ਦੇ ਮੁੜ ਟੁੱਟਣ ਨਾਲ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਗਹਿਰਾਉਣ ਦੀ ਸੰਭਾਵਨਾ ਬਣ ਗਈ ਹੈ।
ਪਾੜ ਪੈਣ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ: ਐੱਸ ਡੀ ਓ
ਨਹਿਰੀ ਵਿਭਾਗ ਦੇ ਐੱਸ ਡੀ ਓ ਫਿਜ਼ੀ ਬਾਂਸਲ ਨੇ ਦੱਸਿਆ ਕਿ ਪਾੜ ਦੀ ਸੂਚਨਾ ਮਿਲਦੇ ਹੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਬਾਰਾ ਪਾੜ ਪੈਣ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ।

