ਹਲਕਾ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਦੀ ਸਰਪੰਚ ਸੁਖਦੀਪ ਕੌਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਪ੍ਰਸ਼ਾਸਨਿਕ ਕਾਰਵਾਈ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਵੱਡੀ ਇਕੱਤਰਤਾ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਪੰਚ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਐਤਵਾਰ ਨੂੰ ਮੁੜ ਵੱਡਾ ਇਕੱਠ ਕਰ ਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਸਰਪੰਚ ਸੁਖਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਨਿਰਭੈ ਸਿੰਘ ਢੀਂਡਸਾ ਨੇ ਦੋਸ਼ ਲਾਇਆ ਕਿ ਹਲਕਾ ਵਿਧਾਇਕ ਦੀ ਕਥਿਤ ਸਹਿਮਤੀ ਅਤੇ ਨਿੱਜੀ ਰੰਜਿਸ਼ ਤਹਿਤ ਉਨ੍ਹਾਂ ਨਾਲ ਇਹ ਸਿਆਸੀ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਜਿਸ ਗਲੀ ਦੇ ਨਿਰਮਾਣ ਨੂੰ ਬਹਾਨਾ ਬਣਾ ਕੇ ਇਹ ਕਾਰਵਾਈ ਹੋਈ ਹੈ, ਉਸ ਸਮੇਂ ਉਨ੍ਹਾਂ ਦੀ ਜਵਾਨ ਧੀ ਦੀ ਮੌਤ ਹੋਣ ਕਾਰਨ ਪਰਿਵਾਰ ਡੂੰਘੇ ਸਦਮੇ ਵਿੱਚ ਸੀ।
ਇਸ ਮੌਕੇ ਮਗਨਰੇਗਾ ਮਜ਼ਦੂਰ ਸੰਦੀਪ ਕੌਰ ਨੇ ਸਪੱਸ਼ਟ ਕੀਤਾ ਕਿ ਉਕਤ ਗਲੀ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਖ਼ੁਦ ਬਣਾਈ ਗਈ ਸੀ, ਜਿਸ ਵਿੱਚ ਪੰਚਾਇਤ ਦਾ ਕੋਈ ਸਬੰਧ ਨਹੀਂ ਹੈ। ਪ੍ਰਦਰਸ਼ਨ ਵਿੱਚ ਪੰਚ ਬੇਅੰਤ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਸਮੇਤ ਕਿਸਾਨ ਆਗੂ ਜਸਵਿੰਦਰ ਸਿੰਘ, ਪਟਵਾਰੀ ਦਰਬਾਰ ਸਿੰਘ ਮਾਨ, ਜਗਸੀਰ ਸਿੰਘ ਭੋਲਾ ਅਤੇ ਮਹਿਲਾਵਾਂ ਤੇ ਪਿੰਡ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਸਰਪੰਚ ਦੇ ਹੱਕ ਵਿੱਚ ਡਟਣ ਦਾ ਅਹਿਦ ਲਿਆ।
