ਸੁਖਪਾਲ ਸਿੰਘ ਬਖਤਗੜ੍ਹ ‘ਆਪ’ ਛੱਡ ਕਾਂਗਰਸ ਵਿੱਚ ਸ਼ਾਮਲ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਟਕਸਾਲੀ ਆਗੂ ਸੁਖਪਾਲ ਸਿੰਘ ਬਖਤਗੜ੍ਹ ਪਾਰਟੀ ਛੱਡ ਕੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਸਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪਾਰਟੀ ’ਚ ਸ਼ਾਮਲ ਕੀਤਾ। ਉਨ੍ਹਾਂ ਸੁਖਪਾਲ ਸਿੰਘ ਨੂੰ ਬਣਦਾ ਮਾਨ ਸਨਮਾਨ ਦੇਣ ਦਾ ਵੀ ਵਾਅਦਾ ਕੀਤਾ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਸਮੇਤ ‘ਆਪ’ ਦੇ ਕੁਝ ਵਰਕਰ ਹਲਕਾ ਵਿਧਾਇਕ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਸਮਿਤੀ ਚੋਣਾਂ ਵਿੱਚ ਵਿਧਾਇਕ ਤੇ ‘ਆਪ’ ਉਮੀਦਵਾਰਾਂ ਦਾ ਵਿਰੋਧ ਕਰਨ ਦੀ ਤਿਆਰੀ ਵਿੱਚ ਹਨ। ਸੁਖਪਾਲ ਸਿੰਘ ਨੂੰ ਕਾਂਗਰਸ ਵੱਲੋਂ ਜ਼ੋਨ ਠੀਕਰੀਵਾਲਾ ਤੋਂ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਬਣਾਏ ਜਾਣ ਦੀ ਵੀ ਚਰਚਾ ਹੈ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ, ਜਨਰਲ ਸਕੱਤਰ ਬਲਵੰਤ ਹਮੀਦੀ, ਗੁਰਮੇਲ ਸਿੰਘ ਮੌੜ, ਜਸਮੇਲ ਸਿੰਘ ਡੇਅਰੀ ਵਾਲਾ ਤੇ ਐਡਵੋਕੇਟ ਜਸਪਾਲ ਖੇੜੀ ਵੀ ਹਾਜ਼ਰ ਸਨ।
ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਵਿੱਚ ਹਾਲੇ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਜਦਕਿ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਲੋਂ ਉਮੀਦਵਾਰਾਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ, ਜਦਕਿ ਅਕਾਲੀ ਦਲ ਤੇ ਭਾਜਪਾ ਦੀ ਹਾਲੇ ਤੱਕ ਉਮੀਦਵਾਰਾਂ ’ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਮਹਿਲ ਕਲਾਂ ਦੇ ਨਵ ਨਿਯੁਕਤ ਐੱਸ ਡੀ ਐੱਮ ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਗਈ।
