Sukhbir Badal Distributes Wheat to Fire-Affected Farmers: ‘ਆਪ’ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ੇ ਲਈ ਭਟਕਣ ਵਾਸਤੇ ਛੱਡਿਆ: ਸੁਖਬੀਰ
ਅੱਗ ਕਾਰਨ ਪ੍ਰਭਾਵਿਤ 140 ਕਿਸਾਨਾਂ ਨੂੰ 600 ਕੁਇੰਟਲ ਕਣਕ ਵੰਡੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਾਵਾਂ ਜੈਲ ਵਿੱਚ ਵਾਪਰੇ ਅੱਗ ਹਾਦਸੇ ਕਾਰਨ ਪ੍ਰਭਾਵਿਤ ਪਿੰਡ ਗੁਰੂਸਰ, ਪੱਕੀ ਟਿੱਬੀ ਤੇ ਕਬਰਵਾਲਾ ਦੇ 140 ਕਿਸਾਨ ਪਰਿਵਾਰਾਂ ਨੂੰ 600 ਕੁਇੰਟਲ ਕਣਕ ਵੰਡੀ। ਦੱਸਣਯਗੋ ਹੈ ਕਿ ਬੀਤੀ 17 ਅਪਰੈਲ ਨੂੰ ਅਚਾਨਕ ਲੱਗੀ ਭਿਆਨਕ ਅੱਗ ਕਾਰਨ ਇਨ੍ਹਾਂ ਪਿੰਡਾਂ ਦੀ ਕਰੀਬ 230 ਏਕੜ ਖੜ੍ਹੀ ਕਣਕ ਫ਼ਸਲ ਸੜ ਕੇ ਸੁਆਹ ਹੋ ਗਈ ਸੀ। ਉਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਪ੍ਰਭਾਵਿਤ ਕਿਸਾਨਾਂ ਨੂੰ ਨੁਕਸਾਨ ਦੀ ਭਰਪਾਈ ਦਾ ਭਰੋਸਾ ਦਿੱਤਾ ਸੀ, ਉਸੇ ਵਾਅਦੇ ਤਹਿਤ ਉਹ ਅੱਜ ਰਾਹਤ ਸਮੱਗਰੀ ਵੰਡਣ ਪੁੱਜੇ ਸਨ।
ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੀ ਵਚਨਬੱਧਤਾ ਨਿਭਾਈ ਹੈ, ਪਰ ‘ਆਪ’ ਸਰਕਾਰ ਨੇ ਅੱਗ, ਗੜੇਮਾਰੀ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਲਈ ਭਟਕਣ ਵਾਸਤੇ ਛੱਡ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਰ੍ਹੇ ਅੱਗ ਤੇ ਗੜੇਮਾਰੀ ਨਾਲ ਭਾਰੀ ਨੁਕਸਾਨ ਹੋਇਆ, ਪਿਛਲੇ ਵਰ੍ਹੇ ਹੜ੍ਹਾਂ ਕਾਰਨ ਝੋਨੇ ਦੀ ਫਸਲ ਤਬਾਹ ਹੋਈ ਸੀ, ਪਰ ਸਰਕਾਰ ਨੇ ਕੋਈ ਗੰਭੀਰ ਰਾਹਤ ਨਹੀਂ ਦਿੱਤੀ। ਇਸ ਮੌਕੇ ਪ੍ਰਭਾਵਿਤ ਕਿਸਾਨਾਂ ਨੇ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਾ ਮਿਲਣ ਦੀ ਗੱਲ ਵੀ ਆਖੀ। ਸ੍ਰੀ ਬਾਦਲ ਨੇ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਨਵੀਂ ਕੋਸ਼ਿਸ਼ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਨੀਤੀ ਨੂੰ ਜਬਰੀ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਕਿਹਾ ਕਿ ਨੀਤੀ ਨੂੰ ਕਿਸੇ ਵੀ ਹਾਲਤ ਵਿੱਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ, ਨਵਜਿੰਦਰ ਸਿੰਘ ਕਰਮਗੜ੍ਹ, ਰਛਪਾਲ ਕੱਟਿਆਂਵਾਲੀ, ਜਸਕਰਨ ਸਿੰਘ, ਗੁਲਾਬ ਸਿੰਘ ਅਤੇ ਸੂਬਾ ਸਿੰਘ ਵੀ ਮੌਜੂਦ ਸਨ।
12 ਲੱਖ ਰੁਪਏ ਦੀ ਨੁਕਸਾਨ ਰਿਪੋਰਟ ਭੇਜੀ: ਐੱਸ ਡੀ ਐੱਮ
ਕਿਸਾਨਾਂ ਵੱਲੋਂ ਮੁਆਵਜ਼ਾ ਨਾ ਮਿਲਣ ਦੇ ਦੋਸ਼ਾਂ ਬਾਰੇ ਮਲੋਟ ਦੇ ਐੱਸ ਡੀ ਐੱਮ ਪੰਕਜ ਬਾਂਸਲ ਨੇ ਦੱਸਿਆ ਕਿ 80 ਏਕੜ ਕਣਕ ਫ਼ਸਲ ਦੇ ਮੁਆਵਜ਼ੇ ਲਈ ਸਰਕਾਰ ਨੂੰ ਲਗਭਗ 12 ਲੱਖ ਰੁਪਏ ਦੀ ਨੁਕਸਾਨ ਰਿਪੋਰਟ ਤਿਆਰ ਕਰ ਕੇ ਭੇਜੀ ਹੋਈ ਹੈ।
