Suicide Case: ਅਧਿਆਪਕ ਜੋੜੇ ਦੇ ਮਾਪੇ Water Works ਦੀ ਟੈਂਕੀ ’ਤੇ ਚੜ੍ਹੇ
ਇੱਥੇ ਨਿੱਜੀ ਸਕੂਲ ਦੀ ਹਿੱਸੇਦਾਰੀ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਹੋ ਕੇ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਅਧਿਆਪਕ ਜੋੜੇ ਜਗਤਾਰ ਸਿੰਘ ਅਤੇ ਮਨਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਉਨ੍ਹਾਂ...
ਇੱਥੇ ਨਿੱਜੀ ਸਕੂਲ ਦੀ ਹਿੱਸੇਦਾਰੀ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਹੋ ਕੇ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਅਧਿਆਪਕ ਜੋੜੇ ਜਗਤਾਰ ਸਿੰਘ ਅਤੇ ਮਨਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਉਨ੍ਹਾਂ ਦੇ ਮਾਪਿਆਂ ਨੇ ਮੋਰਚਾ ਖੋਲ੍ਹ ਦਿੱਤਾ ਤੇ ਜਗਤਾਰ ਦੇ ਪਿਤਾ ਹਮੀਰ ਸਿੰਘ ਅਤੇ ਮਾਤਾ ਹਰਜੀਤ ਕੌਰ ਵਾਸੀ ਪਿੰਡ ਝੱਬਰ ਤੇਲ ਦੀਆਂ ਬੋਤਲਾਂ ਅਤੇ ਖੁਦਕੁਸ਼ੀ ਨੋਟ ਲੈ ਕੇ ਪਿੰਡ ਬੁਰਜ ਝੱਬਰ ਦੇ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹ ਗਏ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਿੱਸੇਦਾਰੀ ਦੇ ਪੈਸੇ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਕੇ ਲੱਖਾ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ ਸੀ। ਜੋਗਾ ਪੁਲੀਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ ਉੱਤੇ ਅਧਿਆਪਕ ਜਗਤਾਰ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਟੈਂਕੀ ’ਤੇ ਚੜ੍ਹੇ ਮਾਪਿਆਂ ਨੇ ਕੇਸ ਰੱਦ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਪਰਚਾ ਰੱਦ ਨਾ ਕੀਤਾ, ਤਾਂ ਉਹ ਆਤਮ ਹੱਤਿਆ ਕਰ ਲੈਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਿਰਨਜੀਤ ਕੌਰ ਨੇ ਘਰੇਲੂ ਕਾਰਨਾਂ ਕਰਕੇ ਖੁਦਕੁਸ਼ੀ ਕੀਤੀ ਹੈ ਅਤੇ ਇਸ ਮੌਤ ਨਾਲ ਉਨ੍ਹਾਂ ਦੇ ਪੁੱਤਰ ਜਾਂ ਨੂੰਹ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੱਖਾ ਸਿੰਘ ਸਕੂਲ ਵਿੱਚੋਂ ਆਪਣੇ ਪੈਸੇ ਲੈ ਚੁੱਕਾ ਹੈ ਅਤੇ ਹੁਣ ਜਾਣ-ਬੁੱਝ ਕੇ ਉਨ੍ਹਾਂ ਦੇ ਬੱਚਿਆਂ ਨੂੰ ਇਸ ਮਾਮਲੇ ਵਿੱਚ ਘਸੀਟਿਆ ਜਾ ਰਿਹਾ ਹੈ।
ਦੂਜੇ ਪਾਸੇ ਕਿਰਨਜੀਤ ਦੇ ਪਤੀ ਲੱਖਾ ਸਿੰਘ ਅਤੇ ਦਿਓਰ ਹਰਬੰਸ ਸਿੰਘ ਬਬਲੀ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਤੱਕ ਕਿਰਨਜੀਤ ਦੀ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਵਿੱਚ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਲੈਣਦਾਰੀ ਹੈ, ਜਿਸ ਨੂੰ ਹੜੱਪਣ ਲਈ ਅਧਿਆਪਕ ਜੋੜੇ ਦਾ ਪਰਿਵਾਰ ਕਹਾਣੀਆਂ ਬਣਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀ ਆਪਸੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਦੋਵੇਂ ਧਿਰਾਂ ਆਪਣੀਆਂ ਮੰਗਾਂ ਉੱਤੇ ਅੜੀਆਂ ਹੋਈਆਂ ਹਨ।

