ਖ਼ੁਦਕੁਸ਼ੀ ਮਾਮਲਾ: ਇਨਸਾਫ਼ ਲਈ ਪਰਿਵਾਰ ਨੇ ਪੁਲੀਸ ਚੌਕੀ ਘੇਰੀ
ਰੋਹਿਤ ਗੋਇਲ/ਸੀ. ਮਾਰਕੰਡਾ
ਤਪਾ ਮੰਡੀ, 11 ਜੁਲਾਈ
ਤਪਾ ਮੰਡੀ ਵਿੱਚ ਇੱਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਪਰਿਵਾਰ ਵੱਲੋਂ ਇਨਸਾਫ਼ ਲਈ ਪੁਲੀਸ ਚੌਕੀ ਅੱਗੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਮ੍ਰਿਤਕ ਦੀ ਮਾਤਾ ਸੰਤੋਸ਼ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਗੁਆਂਢਣ ਔਰਤ ਨੇ ਉਸ ਦੇ ਲੜਕੇ ਜੋਤ ਰਾਮ ਨਾਲ ਨਾਜਾਇਜ਼ ਸਬੰਧ ਬਣਾ ਲਏ ਸਨ। ਜਿਸ ਦਾ ਪਤਾ ਲੱਗਣ ’ਤੇ ਗੁਆਂਢੀ ਪਰਿਵਾਰਕ ਮੈਂਬਰਾਂ ਨੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਘਰ ਵਿੱਚ ਭੰਨੋਤੜ ਵੀ ਕੀਤੀ ਸੀ। ਇਸ ਤੋਂ ਬਾਅਦ ਉਕਤ ਔਰਤ ਨੂੰ ਸਹੁਰਾ ਪਰਿਵਾਰ ਨੇ ਉਸ ਦੇ ਪੇਕੇ ਭੇਜ ਦਿੱਤਾ ਅਤੇ ਉਥੇ ਜਾ ਕੇ ਵੀ ਉਸ ਔਰਤ ਨੇ ਉਸ ਦੇ ਲੜਕੇ ਦਾ ਖਹਿੜਾ ਨਾ ਛੱਡਿਆ ਜਿਸ ਤੋਂ ਬਾਅਦ ਉਸ ਦੇ ਪੇਕਾ ਪਰਿਵਾਰ ਨਾਲ ਸਬੰਧਤ ਕੁਝ ਲੋਕਾਂ ਵੱਲੋਂ ਉਸ ਦੇ ਲੜਕੇ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਇਸ ਨਮੋਸ਼ੀ ਨੂੰ ਨਾ ਸਹਾਰਦੇ ਹੋਏ ਉਸ ਦੇ ਪੁੱਤਰ ਨੇ ਸਲਫ਼ਾਸ ਖਾ ਕੇ ਆਤਮ ਹੱਤਿਆ ਕਰ ਲਈ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਦੀ ਮੌਤ ਲਈ ਉਨ੍ਹਾਂ ਦੀ ਗੁਆਂਢਣ ਔਰਤ ਅਤੇ ਉਸਦਾ ਪਰਿਵਾਰ ਜ਼ਿੰਮੇਵਾਰ ਹੈ ਤੇ ਉਨ੍ਹਾਂ ਉਪਰ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ।
ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਪੂਨਮ ਦੇ ਬਿਆਨ ਦੇ ਆਧਾਰ ’ਤੇ ਗੁਆਂਢਣ ਔਰਤ ਲੱਛਮੀ ਦੇਵੀ, ਉਸ ਦੇ ਪਤੀ ਸ਼ੰਕਰ ਰਾਮ ਅਤੇ ਦਿਉਰ ਰਾਹੁਲ ਕੁਮਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟ ਮਾਰਟਮ ਲਈ ਮੋਰਚਰੀ ਰੂਮ ਬਰਨਾਲਾ ਭੇਜ ਦਿੱਤੀ ਹੈ।