ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 9 ਜੁਲਾਈ
ਬਠਿੰਡਾ ਜ਼ਿਲ੍ਹੇ ਦੀ ਹੱਦ ’ਤੇ ਵਸੇ ਪਿੰਡ ਅਬਲੂ ਦੇ ਗ਼ਰੀਬ ਪਰਿਵਾਰ ਦੇ ਲੜਕੇ ਦੇ ਸੂਏ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚਾ ਸਾਬਕਾ ਸਰਪੰਚ ਜਗਸੀਰ ਸਿੰਘ ਦਾ ਪੋਤਰਾ ਸੀ। ਇਸ ਬੇਵਕਤੀ ਮੌਤ ਕਾਰਨ ਪੂਰੇ ਪਿੰਡ ਵਿਚ ਮਾਤਮ ਛਾਇਆ ਹੋਇਆ ਹੈ। ਮ੍ਰਿਤਕ ਦੀ ਸ਼ਨਾਖ਼ਤ ਹਰਜਿੰਦਰ ਸਿੰਘ (14) ਪੁੱਤਰ ਕੁਲਦੀਪ ਸਿੰਘ ਵਾਸੀ ਅਬਲੂ ਕੋਟਲੀ ਵਜੋਂ ਹੋਈ ਹੈ। ਨੌਜਵਾਨ ਪਿੰਡ ਅਬਲੂ ਦੇ ਸਰਕਾਰੀ ਸਕੂਲ ਵਿਚ 9 ਕਲਾਸ ਦਾ ਵਿਦਿਆਰਥੀ ਸੀ।
ਪ੍ਰਾਪਤ ਜਾਣਕਾਰੀ ਬੀਤੀ ਕੱਲ੍ਹ ਹਰਜਿੰਦਰ ਆਪਣੇ ਦੋਸਤਾਂ ਨਾਲ ਸਾਈਕਲ ’ਤੇ ਪਿੰਡ ਕੋਟਲੀ ਵਿਖੇ ਮੁਕਤਸਰ ਸਾਹਿਬ ਨੂੰ ਲੰਘਦੇ ਭਲਾਈਆਣਾ ਰਜਵਾਹੇ ’ਤੇ ਜਾਮਣਾਂ ਖਾਣ ਲਈ ਗਿਆ ਸੀ। ਗਰਮੀ ਨੂੰ ਦੇਖਦੇ ਹੋਏ ਹਰਜਿੰਦਰ ਸਿੰਘ ਨੇ ਨਹਾਉਣ ਲਈ ਸੂਏ ਵਿਚ ਛਾਲ ਮਾਰ ਦਿੱਤੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਹਰਜਿੰਦਰ ਪਾਣੀ ਵਿਚ ਰੁੜ੍ਹ ਗਿਆ ਜਿਸ ਦੀ ਬੀਤੇ ਕੱਲ੍ਹ ਤੋਂ ਪੁਲੀਸ ਅਤੇ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ। ਅੱਜ ਹਰਜਿੰਦਰ ਸਿੰਘ ਦੀ ਲਾਸ਼ ਨੂੰ ਕੋਠੇ ਕੋਇਰ ਸਿੰਘ ਵਾਲਾ ਦੇ ਸੂਏ ਦੇ ਪੁਲ ਕੋਲੋਂ ਬਰਾਮਦ ਕਰ ਲਿਆ। ਅੱਜ ਉਸ ਜਗਾ ਦੀ ਪੁਸ਼ਟੀ ਮ੍ਰਿਤਕ ਹਰਜਿੰਦਰ ਸਿੰਘ ਦੇ ਦੋਸਤਾਂ ਨੇ ਕੀਤੀ ਜਿੱਥੇ ਉਸ ਨੇ ਸੂਏ ਵਿਚ ਛਾਲ ਮਾਰੀ ਸੀ ਪਰ ਬੀਤੇ ਕੱਲ੍ਹ ਤੋਂ ਨੰਨ੍ਹੇ ਦੋਸਤ ਨੇ ਡਰ ਕੇ ਮਾਰੇ ਚੁੱਪ ਵੱਟੀਂ ਰੱਖੀ। ਚੌਂਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਕੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਦੇ ਬਿਆਨ ’ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਪਰਿਵਾਰ ਵਿਚ ਤੀਜੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋਈ ਹੈ ਇਸ ਤੋਂ ਪਹਿਲਾ ਮ੍ਰਿਤਕ ਦੇ ਚਾਚੇ ਅਮਨਦੀਪ ਸਿੰਘ ਦੀ 2013 ਵਿਚ ਡਰੇਨ ਵਿਚ ਡੁੱਬਣ ਕਾਰਨ ਮੌਤ ਹੋ ਗਈ ਸੀ ਅਤੇ ਇਸ ਤੋਂ ਪਹਿਲਾਂ ਮ੍ਰਿਤਕ ਦੇ ਦਾਦੇ ਜਗਸੀਰ ਸਿੰਘ ਦੇ ਭਰਾ ਦੀ ਮੌਤ ਵੀ ਪਾਣੀ ਵਿਚ ਡੁੱਬਣ ਕਾਰਨ ਹੋਈ ਸੀ।
ਵਿਅਕਤੀ ਵੱਲੋਂ ਖੁਦਕੁਸ਼ੀ
ਦੋਦਾ (ਪੱਤਰ ਪੇ੍ਰਕ): ਇਥੋਂ ਥੋੜ੍ਹੀ ਦੂਰ ਪਿੰਡ ਭੂੰਦੜ ਵਿਖੇ ਆਪਣੀ ਭੈਣ ਕੋਲ ਮਿਲਣ ਆਏ ਵਿਅਕਤੀ ਜਗਜੀਤ ਸਿੰਘ (32) ਪੁੱਤਰ ਬੋਹੜ ਸਿੰਘ ਕੋਠੇ ਸੰਧਵਾਂ ਵਾਲੇ ਜ਼ਿਲ੍ਹਾ ਬਠਿੰਡਾ ਨੇ ਖੇਤਾਂ ਵਿਚ ਜਾ ਕੇ ਦਰਖਤ ਨਾਲ ਫਾਹਾ ਲੈ ਲਿਆ ਹੈ ਜਿਸ ਦਾ ਪਤਾ ਸਵੇਰ ਵੇਲੇ ਖੇਤਾਂ ਵਿਚ ਗਏ ਲੋਕਾਂ ਤੋਂ ਲੱਗਾ। ਸੂਚਨਾ ਮਿਲਦਿਆਂ ਹੀ ਥਾਣਾ ਕੋਟਭਾਈ ਦੀ ਪੁਲੀਸ ਮੌਕੇ ਪੁੱਜ ਗਈ ਅਤੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਲਿਆਂਦੀ ਗਈ। ਘਟਨਾ ਦੀ ਪੁਸ਼ਟੀ ਕਰਦਿਆਂ ਐੱਸਐੱਚਓ ਅੰਗਰੇਜ਼ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।