ਪਰਾਲੀ ਪ੍ਰਬੰਧਨ: ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤਾਂ ’ਚ ਪੁੱਜੇ ਅਧਿਕਾਰੀ
ਫ਼ਰੀਦਕੋਟ ਤੇ ਮਾਨਸਾ ਦੇ ਡੀ ਸੀਜ਼ ਅਤੇ ਐੱਸ ਐੱਸ ਪੀਜ਼ ਨੇ ਪਰਾਲੀ ਨਾ ਸਾਡ਼ਨ ਲਈ ਪ੍ਰੇਰਿਆ
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਐੱਸ ਐੱਸ ਪੀ ਡਾ. ਪ੍ਰਗਿਆ ਜੈਨ ਨੇ ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ, ਭਾਗਥਲਾ ਖੁਰਦ ਅਤੇ ਰਾਜੋਵਾਲਾ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ ਗਿਆ। ਡੀ ਸੀ ਪੂਨਮਦੀਪ ਕੌਰ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੇਲਰ ਮਾਲਕਾਂ ਕੋਲ ਗੱਠਾਂ ਸੰਭਾਲਣ ਲਈ ਆਪਣੀ ਜਗ੍ਹਾ ਨਹੀਂ ਹੈ, ਉਨ੍ਹਾਂ ਨੂੰ ਸਰਕਾਰੀ ਜਗ੍ਹਾ ਵੀ ਉਪਲਬਧ ਕਰਵਾਈ ਜਾ ਰਹੀ ਹੈ। ਐੱਸ ਐੱਸ ਪੀ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਕਿਸਾਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰਦੂਸ਼ਣ ਰੋਕਣ ਦੇ ਇਸ ਯਤਨ ਵਿੱਚ ਸਰਕਾਰ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਪੁਲੀਸ ਕਿਸਾਨਾਂ ਦੇ ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ, ਤਾਂ ਜੋ ਕਿਸੇ ਨੂੰ ਸਜ਼ਾ ਨਹੀਂ, ਸਗੋਂ ਸਮਝਾ ਕੇ ਸਹੀ ਰਾਹ ‘ਤੇ ਲਿਆਂਦਾ ਜਾ ਸਕੇ।
ਮਾਨਸਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਖੁਦ ਖੇਤਾਂ ਵਿੱਚ ਜਾ ਕੇ ਪਰਾਲੀ ਨੂੰ ਲਾਈ ਅੱਗ ਨੂੰ ਬੁਝਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅੱਜ ਪਿੰਡ ਖੁਡਾਲ ਕਲਾਂ ਅਤੇ ਦਾਤੇਵਾਸ ਦੇ ਖੇਤਾਂ ਵਿੱਚ ਪਰਾਲੀ ਨੂੰ ਲਾਈ ਅੱਗ ਮੌਕੇ ’ਤੇ ਪਹੁੰਚ ਕੇ ਬੁਝਾਈ ਗਈ। ਉਨ੍ਹਾਂ ਵੱਲੋਂ ਬਣਦੀ ਕਾਰਵਾਈ ਦੀ ਹਦਾਇਤ ਕੀਤੀ ਗਈ। ਇਸ ਦੌਰਾਨ ਮਾਨਸਾ ਦੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਨੋਡਲ, ਕਲੱਸਟਰ, ਖੇਤੀਬਾੜੀ ਵਿਕਾਸ ਅਫਸਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਪਰਾਲੀ ਨੂੰ ਅੱਗ ਕਿਸੇ ਵੀ ਹਾਲਤ ਵਿੱਚ ਨਾ ਲੱਗਣ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਮਸ਼ੀਨਰੀ ਦੀ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਅੱਜ ਪਿੰਡ ਕਾਹਨਗੜ੍ਹ, ਬਹਾਦਰਪੁਰ, ਖੁਡਾਲ ਕਲਾਂ, ਦਾਤੇਵਾਸ ਵਿੱਚ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਸੀ।
ਕਿਸਾਨਾਂ ਨੂੰ ਮਸ਼ੀਨਰੀ ਦੀ ਘਾਟ ਨਹੀਂ ਆਵੇਗੀ: ਅਧਿਕਾਰੀ
ਤਪਾ ਮੰਡੀ/ਸ਼ਹਿਣਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਅਤੇ ਜ਼ਿਲ੍ਹਾ ਪੁਲੀਸ ਮੁਖੀ ਬਰਨਾਲਾ ਸਰਫਰਾਜ਼ ਆਲਮ ਵੱਲੋਂ ਤਪਾ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ, ਖੇਤਾਂ ਵਿਚ ਹੀ ਜਾਂ ਖੇਤਾਂ ਤੋਂ ਬਾਹਰ ਇਸਦਾ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਰਾਲੀ ਪ੍ਰਬੰਧਾਂ ਲਈ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਮਸ਼ੀਨਾਂ ਦਿੱਤੀਆਂ ਹੋਈਆਂ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਪਿੰਡ ਮੌੜ ਨਾਭਾ ਅਤੇ ਜੋਧਪੁਰ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਜਾਂ ਖੇਤਾਂ ਤੋਂ ਬਾਹਰ ਇਸਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਰਾਲੀ ਪ੍ਰਬੰਧ ਲਈ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਮਸ਼ੀਨਾਂ ਦਿੱਤੀਆਂ ਹੋਈਆਂ ਹਨ। ਇਸ ਸਮੇਂ ਲਗਪਗ 90 ਬੇਲਰ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਹਨ।

