ਪਰਾਲੀ ਪ੍ਰਬੰਧਨ: ਕਿਸਾਨ ਮੰਡੀਆਂ ’ਚ, ਅਧਿਕਾਰੀ ਖੇਤਾਂ ’ਚ ਪੁੱਜੇ
ਕਿਸਾਨ ਝੋਨਾ ਵੇਚਣ ਲਈ ਮੰਡੀਆਂ ’ਚ ਬੈਠੇ ਹਨ ਜਦੋਂ ਕਿ ਸਿਵਲ ਤੇ ਪੁਲੀਸ ਅਧਿਕਾਰੀ ਸੱਥ ’ਚ ਗੱਲ ਅਤੇ ਹੱਲ’ ਪ੍ਰੋਗਰਾਮ ਰਾਹੀਂ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਖੇਤਾਂ ਵਿਚ ਟਰੈਕਟਰ ਚਲਾ ਕੇ ਕਿਸਾਨਾ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਐੱਸ ਐੱਸ ਪੀ ਅਜੇ ਗਾਂਧੀ ਨੇ ਬਾਘਾਪੁਰਾਣਾ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਲਾਮਬੰਦ ਕਰਨ ਲਈ ‘ਸੱਥ ’ਚ ਗੱਲ ਅਤੇ ਹੱਲ’ ਪ੍ਰੋਗਰਾਮ ਤਹਿਤ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਸਬੰਧੀ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਖੁਦ ਟਰੈਕਟਰ ਚਲਾਕੇ ਕਿਸਾਨਾ ਨੂੰ ਸੰਦੇਸ਼ ਦਿੱਤਾ ਕਿ ਜਦ ਸਾਡੇ ਕੋਲ ਪਰਾਲੀ ਪ੍ਰਬੰਧਨ ਲਈ ਤਕਨੀਕਾਂ ਮੌਜੂਦ ਹਨ ਤਾਂ ਸਾਨੂੰ ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨਾਲ ਜਿਥੇ ਵਾਤਾਵਰਨ ਪਲੀਤ ਹੋਣ ਤੋਂ ਬਚਦਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ,ਖਾਦਾਂ ਦੀ ਵਰਤੋਂ ’ਚ ਵੀ ਕਮੀ ਆਉਂਦੀ ਹੈ ਅਤੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ।
ਇਸ ਮੌਕੇ ਐੱਸ ਡੀ ਐੱਮ ਬੇਅੰਤ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਪ੍ਰੀਤ ਸਿੰਘ ਡਾ: ਸੁਖਰਾਜ ਕੌਰ ਦਿਓਲ , ਡਾ ਬਲਜਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਵੱਲ ਮੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ। ਉਹ ਖੇਤਾਂ ਵਿਚ ਜਾਂਦੇ ਹਨ ਤਾਂ ਕਿ ਸੰਦਾਂ ਦੀ ਘਾਟ ਕਾਰਨ ਕੋਈ ਵੀ ਕਿਸਾਨ ਪਰਾਲੀ ਨਾ ਸਾੜੇ ਅਤੇ ਜ਼ਿਲ੍ਹੇ ਨੂੰ ਜੀਰੋ ਸਟੱਬਲ ਬਰਨਿੰਗ ਜ਼ਿਲ੍ਹਾ ਬਣਾਇਆ ਜਾ ਸਕੇ। ਇਸ ਸਾਲ ਕਿਸਾਨਾਂ ਨੂੰ 320 ਆਧੁਨਿਕ ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਵਾਈਆਂ ਗਈਆਂ ਅਤੇ 4800 ਦੇ ਕਰੀਬ ਮਸ਼ੀਨਰੀ ਪਹਿਲਾਂ ਤੋਂ ਜ਼ਿਲ੍ਹੇ ਦੇ ਕਿਸਾਨਾਂ ਕੋਲ ਉਪਲੱਬਧ ਹੈ। ਜ਼ਿਲ੍ਹੇ ਦੇ 40 ਪਿੰਡਾਂ ਵਿੱਚ 62 ਏਕੜ ਜਮੀਨ ਅੰਦਰ ਝੋਨੇ ਦੀ ਪਰਾਲੀ ਦੀਆਂ ਗੱਠਾਂ ਸਾਂਭਣ ਲਈ ਸਟੋਰੇਜ ਥਾਵਾਂ ਬਣਾਈਆਂ ਗਈਆਂ ਹਨ। ਪਰਾਲੀ ਸਾੜਨ ਦੀਆਂ ਘਟਨਾਵਾਂ ਉਪਰ ਨਜਰਸਾਨੀ ਤੇ ਕਾਰਵਾਈ ਲਈ ਜ਼ਿਲ੍ਹੇ ਵਿੱਚ 27 ਕਲੱਸਟਰ ਅਫ਼ਸਰ ਤੇ 152 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।
