ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਸੰਘਰਸ਼ ਔਰਤਾਂ ਲਈ ਰਾਹ-ਦਸੇਰਾ ਕਰਾਰ

ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਸੰਘਰਸ਼ ਔਰਤਾਂ ਲਈ ਰਾਹ-ਦਸੇਰਾ ਕਰਾਰ

ਮਹਿਲ ਕਲਾਂ ਵਿੱਚ ਸ਼ਰਧਾਂਜਲੀ ਸਮਾਗਮ ਮੌਕੇ ਐਕਸ਼ਨ ਕਮੇਟੀ ਨੂੰ ਪੈਨਸਿਲ ਸਕੈੱਚ ਭੇਟ ਕਰਦੀ ਹੋਈ ਵਿਦਿਆਰਥਣ।

ਨਵਕਿਰਨ ਸਿੰਘ
ਮਹਿਲ ਕਲਾਂ, 12 ਅਗਸਤ

ਇੱਥੇ ਅਨਾਜ ਮੰਡੀ ਵਿੱਚ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਅੱਜ 23ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਕਰੋਨਾ ਵਾਈਰਸ ਦੇ ਮੱਦੇਨਜ਼ਰ ਭਾਵੇਂ ਵੱਡਾ ਇਕੱਠ ਕਰਨ ਤੋਂ ਗੁਰੇਜ ਕੀਤਾ ਗਿਆ ਪਰ ਇਸ ਸੰਘਰਸ਼ ਵਿੱਚ ਮੋਹਰੀ ਭੂਮਿਕਾ ਅਦਾ ਕਰਦੀ ਆ ਰਹੀ ਐਕਸ਼ਨ ਕਮੇਟੀ ਦੀ ਪੂਰੀ ਟੀਮ ਮੌਜੂਦ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸ਼ਹੀਦ ਕਿਰਨਜੀਤ ਕੌਰ ਬਲਾਤਕਾਰ/ਕਤਲ ਕਾਂਡ ਵਿਰੋਧੀ ਸੰਘਰਸ਼ ਔਰਤਾਂ ਨੂੰ ਜਬਰ-ਜ਼ੁਲਮ ਖਿਲਾਫ਼ ਲੜਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਰਾਹੀਂ ਪੁਲੀਸ, ਸਿਆਸੀ, ਗੁੰਡਾ ਗੱਠਜੋੜ ਦਾ ਲੋਕ ਕਚਹਿਰੀ ਵਿੱਚ ਪਰਦਾਫਾਸ਼ ਕਰਦਿਆਂ ਗੁੰਡਾ ਅਨਸਰਾਂ ਨੂੰ ਸਜ਼ਾਵਾਂ ਦਿਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਵੀ ਸਮਾਜ ਵਿੱਚ ਜਦ ਔਰਤਾਂ ਨਾਲ ਧੱਕੇਸ਼ਾਹੀ ਦੀਆ ਘਟਨਾਵਾਂ ਵਾਪਰਦੀਆਂ ਹਨ ਤਾਂ ਮਹਿਲ ਕਲਾਂ ਦਾ ਸੰਘਰਸ਼ ਇੱਕ ਮਿਸਾਲ ਨਜ਼ਰ ਆਉਂਦਾ ਹੈ। ਐਕਸ਼ਨ ਕਮੇਟੀ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਮਨਜੀਤ ਧਨੇਰ, ਅਮਰਜੀਤ ਕੁੱਕੂ, ਗੁਰਮੀਤ ਸੁਖਪੁਰਾ, ਪ੍ਰੇਮ ਕੁਮਾਰ ਅਤੇ ਬਲਦੇਵ ਧੌਲਾ ਨੇ ਵੀ ਆਪਣੇ ਵਿਚਾਰ ਰੱਖੇ। ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰੈਣ ਦੱਤ ਨੇ ਕਿਹਾ ਕਿ ਇਸ ਵਾਰ ਵੱਡਾ ਇਕੱਠ ਕਰਨ ਦੀ ਥਾਂ ਸੋਸ਼ਲ ਮੀਡੀਆ ਰਾਹੀਂ ਪਿਛਲੇ 12 ਦਿਨ ਤੋਂ ਲਾਈਵ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਲੇਖਕਾਂ, ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਨਵਜੋਤ ਨੂਰ ਵੱਲੋਂ ਆਪਣੇ ਹੱਥੀਂ ਤਿਆਰ ਕੀਤਾ ਪੈੱਨਸਿਲ ਸਕੈੱਚ ਐਕਸ਼ਨ ਕਮੇਟੀ ਨੂੰ ਸੌਂਪਿਆ ਗਿਆ। ਇਸ ਮੌਕੇ ਲੋਕ ਗਾਇਕ ਅਜਮੇਰ ਅਕਲੀਆ ਨੇ ਸ਼ਰਧਾਂਜਲੀ ਅਤੇ ਲੋਕ ਸੰਘਰਸ਼ ਨੂੰ ਸਮਰਪਿਤ ਗੀਤ ਪੇਸ਼ ਕੀਤੇ। ਔਰਤ ਆਗੂ ਪ੍ਰੇਮਪਾਲ ਕੌਰ, ਪਰਮਜੀਤ ਕੌਰ ਅਤੇ ਪ੍ਰਦੀਪ ਕੌਰ ਨੇ ਵੀ ਆਪਣੇ ਵਿਚਾਰ ਰੱਖੇ।

ਟੱਲੇਵਾਲ (ਲਖਵੀਰ ਸਿੰਘ ਚੀਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ਨੂੰ ਸਮਰਪਿੱਤ ਪਿੰਡ ਚੀਮਾ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਬਲਾਕ ਆਗੂ ਬਲਵੰਤ ਸਿੰਘ ਚੀਮਾ, ਹਰਬੰਸ ਸਿੰਘ ਹਰੀ, ਗੁਰਮੀਤ ਸਿੰਘ ਨੰਬਰਦਾਰ, ਹਰਦੇਵ ਸਿੰਘ ਨੰਬਰਦਾਰ ਹੋਰਾਂ ਨੇ ਸ਼ਰਧਾਂਜਲੀ ਭੇਟ ਕੀਤੀ।

ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 23ਵੇਂ ਸ਼ਰਧਾਂਜਲੀ ਸਮਾਗਮ ਮਾਨਸਾ ਬਲਾਕ ਦੇ ਪਿੰਡ ਬੁਰਜਰਾਠੀ ਅਤੇ ਖਿਆਲਾਂ ਕਲਾਂ ਵਿੱਚ ਮਨਾਇਆ ਗਿਆ। ਜਥੇਬੰਦੀ ਦੇ ਆਗੂ ਐਡਵੋਕੇਟ ਬਲਵੀਰ ਕੌਰ ਨੇ ਦੱਸਿਆ ਕਿ ਕਿਰਨਜੀਤ ਕੌਰ ਮਹਿਲ ਕਲਾਂ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਮਹਿਲ ਕਲਾਂ ਦੀ ਬਜਾਏ ਕਿਰਨਜੀਤ ਕੌਰ ਦੀ ਬਰਸੀ ਪਿੰਡਾਂ ਵਿੱਚ 12 ਅਗਸਤ ਤੋਂ 20 ਅਗਸਤ ਤੱਕ ਮਨਾਈ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All