paramedic ਯੂਨੀਅਨ ਦੇ ਬੈਨਰ ਹੇਠ ਹੜਤਾਲ
ਫ਼ਿਰੋਜ਼ਪੁਰ ’ਚ ਮੋਟਰਸਾਈਕਲ ਰੈਲੀ ਕੱਢ ਕੇ ਡੀ ਸੀ ਦਫ਼ਤਰ ਅੱਗੇ ਸਰਕਾਰ ਦਾ ਪਿੱਟ ਸਿਆਪਾ ਕੀਤਾ
ਪੈਰਾਮੈਡੀਕਲ ਯੂਨੀਅਨ ਦੇ ਬੈਨਰ ਹੇਠ ਪੂਰੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਮੁਕੰਮਲ ਹੜਤਾਲ ਕੀਤੀ ਗਈ ਅਤੇ ਸਿਹਤ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਤੋਂ ਮੋਟਰਸਾਈਕਲ ਰੈਲੀ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਡੀ ਸੀ ਦਫ਼ਤਰ ਫ਼ਿਰੋਜ਼ਪੁਰ ਵਿਖੇ ਪਹੁੰਚੀ। ਡੀ ਸੀ ਦਫ਼ਤਰ ਵਿਖੇ ਯੂਨੀਅਨ ਆਗੂਆਂ ਅਤੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕੀਤਾ। ਉਨ੍ਹਾਂ ਨੇ ਆਖਿਆ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਡੀਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਬਹਾਲ/ ਜਾਰੀ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਬਹਾਲ ਕੀਤੀ ਜਾਵੇ। ਯੂਨੀਅਨ ਆਗੂ ਨਰਿੰਦਰ ਸ਼ਰਮਾ ਤੇ ਰਾਮ ਪ੍ਰਸ਼ਾਦ ਨੇ ਕਿਹਾ ਕਿ ਸੰਘਰਸ਼ ਕਰ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਨਜ਼ਰਅੰਦਾਜ਼ ਕਰ ਰਹੀ ਹੈ। ਪੈਰਾਮੈਡੀਕਲ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਕੌੜਾ ਨੇ ਮੰਗ ਕੀਤੀ ਕਿ ਸਰਕਾਰ ਮੰਗਾਂ ਪ੍ਰਵਾਨ ਕਰਕੇ ਲਾਗੂ ਕਰੇ, ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਆਸ਼ਾ ਪ੍ਰਧਾਨ ਰਾਜਵੰਤ ਕੌਰ, ਆਮ ਆਦਮੀ ਕਲੀਨਿਕ ਯੂਨੀਅਨ ਪ੍ਰਧਾਨ ਜਸਵਿੰਦਰ ਸਿੰਘ, ਕਮਿਊਨਿਟੀ ਹੈੱਲਥ ਅਫਸਰ ਡਾ. ਪ੍ਰੀਤ ਮੁਖੀਜਾ ਆਦਿ ਮੌਜੂਦ ਸਨ।
ਫ਼ਾਜ਼ਿਲਕਾ (ਪਰਮਜੀਤ ਸਿੰਘ): ਫਾਜ਼ਿਲਕਾ ’ਚ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈ ਕੇ ਕੰਮ-ਕਾਰ ਠੱਪ ਰਖਿਆ। ਜੁਆਇੰਟ ਕੋਆਰਡੀਨੇਸ਼ਨ ਕਮੇਟੀ ਜ਼ਿਲ੍ਹਾ ਫਾਜ਼ਿਲਕਾ ਦੇ ਬੈਨਰ ਅਤੇ ਜ਼ਿਲ੍ਹਾ ਕਨਵੀਨਰ ਸਾਥੀ ਹਰਭਜਨ ਸਿੰਘ ਖੁੰਗਰ ਸਣੇ ਹੋਰ ਆਗੂਆਂ ਦੀ ਅਗਵਾਈ ਹੇਠ ਤਹਿਸੀਲ ਪੱਧਰੀ ਰੈਲੀ ਕੀਤੀ ਗਈ। ਰੈਲੀ ਵਿੱਚ ਹਜ਼ਾਰਾਂ ਮੁਲਾਜ਼ਮਾਂ ਪੈਨਸ਼ਨਰਾਂ ਤੇ ਮਾਣ ਭੱਤੇ ’ਤੇ ਕੰਮ ਕਰਦੀਆਂ ਵਰਕਰਾਂ ਨੇ ਡੀ ਸੀ ਫਾਜ਼ਿਲਕਾ ਦੇ ਦਫ਼ਤਰ ਅੱਗੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਜਲਾਲਾਬਾਦ ’ਚ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਜਲਾਲਾਬਾਦ (ਕੁਲਦੀਪ ਬਰਾੜ): ਸਮੂਹ ਮੁਲਾਜ਼ਮ ਵਰਗ ਵੱਲੋਂ ਅੱਜ ਐੱਸ ਡੀ ਐੱਮ ਦਫ਼ਤਰ ਜਲਾਲਾਬਾਦ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਅਤੇ ਪਿੱਟ ਸਿਆਪਾ ਕੀਤਾ ਗਿਆ। ਇਸ ਉਪਰੰਤ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਸ਼ਹੀਦ ਊਧਮ ਸਿੰਘ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਵਿੱਚ ਨਿਰਮਲਜੀਤ ਸਿੰਘ ਬਰਾੜ, ਜਗਨੰਦਨ ਸਿੰਘ ਅਤੇ ਅਸ਼ੋਕ ਸਰਾਰੀ ਸ਼ਾਮਲ ਸਨ। ਇਸ ਮੌਕੇ ਆਗੂਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਆਗੂ ਹਾਜ਼ਰ ਸਨ।

