ਰਿਹਾਇਸ਼ੀ ਖੇਤਰ ’ਚੋਂ ਪਟਾਕਿਆਂ ਦਾ ਜ਼ਖ਼ੀਰਾ ਬਰਾਮਦ
ਦੀਵਾਲੀ ਤੋਂ ਪਹਿਲਾਂ ਅੱਜ ਵਾਰਡ ਚਾਰ ਦੇ ਰਿਹਾਇਸ਼ੀ ਮਕਾਨ ਵਿੱਚੋਂ 96 ਕਿੱਲੋ 200 ਗ੍ਰਾਮ ਪਟਾਕੇ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ। ਪੁਲੀਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਸਾਂਝੀ ਟੀਮ ਨੇ ਛਾਪਾ ਮਾਰ ਕੇ ਆਤਿਸ਼ਬਾਜ਼ੀ ਦੇ 477 ਪੈਕੇਟ ਜ਼ਬਤ ਕੀਤੇ ਹਨ।...
ਦੀਵਾਲੀ ਤੋਂ ਪਹਿਲਾਂ ਅੱਜ ਵਾਰਡ ਚਾਰ ਦੇ ਰਿਹਾਇਸ਼ੀ ਮਕਾਨ ਵਿੱਚੋਂ 96 ਕਿੱਲੋ 200 ਗ੍ਰਾਮ ਪਟਾਕੇ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ। ਪੁਲੀਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਸਾਂਝੀ ਟੀਮ ਨੇ ਛਾਪਾ ਮਾਰ ਕੇ ਆਤਿਸ਼ਬਾਜ਼ੀ ਦੇ 477 ਪੈਕੇਟ ਜ਼ਬਤ ਕੀਤੇ ਹਨ। ਗੋਲ ਬਾਜ਼ਾਰ ਚੌਕੀ ਦੇ ਮੁਖੀ ਕ੍ਰਿਸ਼ਨ ਕੁਮਾਰ ਨੂੰ ਰਿਹਾਇਸ਼ੀ ਖੇਤਰ ਵਿੱਚ ਸਥਿਤ ਕਰਿਆਨਾ ਦੁਕਾਨ ਦੇ ਅੰਦਰ ਬਣੇ ਮਕਾਨ ਵਿੱਚ ਪਟਾਕੇ ਰੱਖੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ। ਇਸ ’ਤੇ ਏ ਐੱਸ ਆਈ ਧਰਮਬੀਰ ਅਤੇ ਫਾਇਰ ਬ੍ਰਿਗੇਡ ਅਮਲੇ ਵੱਲੋਂ ਤਲਾਸ਼ੀ ਲਈ ਗਈ। ਪੁਲੀਸ ਬੁਲਾਰੇ ਆਨੰਦ ਕੁਮਾਰ ਅਨੁਸਾਰ ਮਕਾਨ ਵਿੱਚੋਂ ਦੋ ਗੱਟਿਆਂ ’ਚ 18 ਕਿੱਲੋ 200 ਗ੍ਰਾਮ ਪੋਟਾਸ਼ ਬਰਾਮਦ ਹੋਈ। ਇਸਤੋਂ ਇਲਾਵਾ 11 ਗੱਟਿਆਂ ਵਿੱਚੋਂ ਸੁਤਲੀ ਬੰਬ, ਬੁਲੇਟ ਬੰਬ, ਅਨਾਰ, ਮੁਰਗਾ ਛਾਪ ਅਤੇ ਫੁੱਲਝੜੀਆਂ ਸਮੇਤ ਆਤਿਸ਼ਬਾਜ਼ੀ ਦੇ 477 ਪੈਕੇਟ ਮਿਲੇ। ਕੁਝ ਆਤਿਸ਼ਬਾਜ਼ੀ ਪਲਾਸਟਿਕ ਦੇ ਥੈਲਿਆਂ ਵਿੱਚ ਵੀ ਲੁਕੋ ਕੇ ਰੱਖੀ ਹੋਈ ਸੀ।
ਮਕਾਨ ਮਾਲਕ ਰਾਕੇਸ਼ ਕੁਮਾਰ ਪਟਾਕਿਆਂ ਦੇ ਸਟੋਰੇਜ਼ ਅਤੇ ਵਿਕਰੀ ਸਬੰਧੀ ਕੋਈ ਵੀ ਜਾਇਜ਼ ਲਾਇਸੈਂਸ ਜਾਂ ਪ੍ਰਵਾਨਗੀ ਨਹੀਂ ਦਿਖਾ ਸਕਿਆ। ਪੁਲੀਸ ਨੇ ਬਰਾਮਦ ਸਮੱਗਰੀ ਕਬਜ਼ੇ ਵਿੱਚ ਲੈ ਕੇ ਉਸ ਖ਼ਿਲਾਫ਼ ਥਾਣਾ ਸਿਟੀ ਵਿਖੇ ਬੀ ਐੱਨ ਐੱਸ ਦੀ ਧਾਰਾ 288 ਅਤੇ ਵਿਸਫੋਟਕ ਐਕਟ, 1884 ਦੀ ਧਾਰਾ 9(ਬੀ) ਤਹਿਤ ਮਾਮਲਾ ਦਰਜ ਕੀਤਾ ਹੈ।

