ਪਰਸ਼ੋਤਮ ਬੱਲੀ
ਬਰਨਾਲਾ, 25 ਅਗਸਤ
ਇੱਥੇ ਤਰਕਸ਼ੀਲ ਭਵਨ ਵਿੱਚ ਪੰਜਾਬ ਕਿਸਾਨ ਯੂਨੀਅਨ ਦਾ 5ਵਾਂ 2 ਰੋਜ਼ਾ ਡੈਲੀਗੇਟ ਇਜਲਾਸ ਸ਼ੁਰੂ ਹੋਇਆ। ਇਜਲਾਸ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਿਸਾਨ ਮਹਾ ਸਭਾ ਦੇ ਕੇਂਦਰੀ ਆਗੂ ਰਾਜਾ ਰਾਮ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਕਾਰਪੋਰੇਟ ਲੁੱਟ ਦਾ ਰਾਜ ਹੈ, ਸਰਕਾਰ ਦੀ ਸ਼ਹਿ ’ਤੇ ਕਾਰਪੋਰੇਟ ਘਰਾਣੇ ਦੇਸ਼ ਤਮਾਮ ਸਾਧਨ-ਸਰੋਤ ਬੇਕਿਰਕੀ ਨਾਲ ਲੁੱਟ ਰਹੇ ਹਨ। ਉਨ੍ਹਾਂ ਖੇਤੀ ਕਾਨੂੰਨਾਂ ਖਿਲਾਫ਼ ਲੜੇ ਇਤਿਹਾਸਕ ਅੰਦੋਲਨ ’ਚ ਪੰਜਾਬ ਦੀ ਆਗੂਆਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਵਧ ਰਹੇ ਫਾਸ਼ੀਵਾਦੀ ਹਮਲਿਆਂ ਤੇ ਕਾਰਪੋਰੇਟ ਲੁੱਟ ਦੇ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਨੂੰ ਇਕਜੁੱਟ ਕਰਦਿਆਂ ਸਹੀ ਸੇਧ ਮੁਤਾਬਕ ਐਕਸ਼ਨ ਲੈਂਦੇ ਰਹਿਣ ਦੀ ਅਪੀਲ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਤੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਕੇਂਦਰੀ ਆਗੂ ਕਾ. ਰਾਜਿੰਦਰ ਰਾਣਾ ਨੇ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਕਮਿਊਨਿਸਟ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਦੇਸ਼ ਭਰ ਤੋਂ ਲੈ ਕੇ ਦੁਨੀਆਂ ਪੱਧਰ ਤੱਕ ਇਨਕਲਾਬੀ ਤਬਦੀਲੀ ਦੀ ਆਸ ਰੱਖਦੀ ਹੈ ਤੇ ਆਪਣੇ ਤਮਾਮ ਵਰਗਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਚੱਲੇਗੀ। ਇਜਲਾਸ ਦੇ ਅੱਜ ਦੇ ਸੈਸ਼ਨ ਦੀ ਪ੍ਰਧਾਨਗੀ ਰਾਮਫਲ ਸਿੰਘ ਚੱਕ ਅਲੀਸ਼ੇਰ, ਸੁਖਦੇਵ ਸਿੰਘ ਲੇਹਲ, ਇੰਦਰਜੀਤ ਸਿੰਘ ਅਸਪਾਲ, ਜੱਗਾ ਸਿੰਘ ਬਦਰਾ, ਗੁਰਜੀਤ ਸਿੰਘ ਜੈਤੋ, ਬੂਟਾ ਸਿੰਘ ਚਕਰ, ਗੁਲਾਬ ਸਿੰਘ ਰਾਈਆਂ, ਅਸਵਨੀ ਲੁਖਣ, ਬਲਵੀਰ ਸਿੰਘ ਮੂਧਲ ਤੇ ਬਲਵੀਰ ਝਾਮਕਾ ਨੇ ਕੀਤੀ। ਸੂਬੇ ਭਰ ਤੋਂ ਕਰੀਬ 300 ਡੈਲੀਗੇਟਸ ਨੇ ਹਿੱਸਾ ਲਿਆ। ਕਾਮਰੇਡ ਗੁਰਨਾਮ ਸਿੰਘ ਭੀਖੀ ਨੇ ਜਥੇਬੰਦਕ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਗੁਰਜੰਟ ਸਿੰਘ ਮਾਨਸਾ, ਗੁਰਪ੍ਰੀਤ ਰੂੜੇਕੇ, ਨਰਿੰਦਰ ਕੌਰ ਬੁਰਜ ਹਮੀਰਾ, ਗੋਰਾ ਸਿੰਘ ਭੈਣੀ ਬਾਘਾ, ਸੁਖਚਰਨ ਸਿੰਘ ਦਾਨੇਵਾਲੀਆ, ਗੁਰਤੇਜ ਸਿੰਘ ਮਹਿਰਾਜ, ਬਾਰਾ ਸਿੰਘ ਬਦਰਾ ਆਦਿ ਆਗੂ ਵੀ ਹਾਜ਼ਰ ਸਨ।