Sri Muktsar Sahib news: ਸੀਵਰੇਜ ਦੇ ਪਾਣੀ ਨਾਲ ਸੜਕ ਛੱਪੜ ਬਣੀ
ਜੋਧੂ ਕਲੋਨੀ ਵਾਸੀਆਂ ਦਾ ਘਰੋਂ ਨਿਕਲਣਾ ਔਖਾ; ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ
ਸ਼ਹਿਰ ਦੀ ਸੰਘਣੀ ਅਬਾਦੀ ਵਿੱਚ ਵਾਰਡ ਅਤੇ 9 ਅਤੇ 10 ਦੇ ਵਿਚਾਰ ਪੈਂਦੀ ਜੋਧੂ ਕਲੋਨੀ ਦੀ ਕੱਚਾ ਉਦੇਕਰਨ ਸੜਕ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀ ਰਹਿੰਦੀ ਹੈ। ਲੋਕਾਂ ਨੂੰ ਘਰ ਤੋਂ ਬਾਹਰ ਨਿਕਲਦਿਆਂ ਹੀ ਗੰਦੇ ਪਾਣੀ ’ਚ ਪੈਰ ਪਾਉਣੇ ਪੈਂਦੇ ਹਨ ਅਤੇ ਮੁਸ਼ਕ ਆਉਣ ਕਾਰਨ ਸਾਹ ਲੈਣਾ ਔਖਾ ਹੈ।
ਕੌਂਸਲਰ ਸੰਜਨਾ ਭੰਮ, ਕਰਮਜੀਤ ਸਿੰਘ ਭੰਮ, ਗੋਲਡੀ ਬਹਿਲ, ਮੋਨੂੰ ਅਤੇ ਡਾਕਟਰ ਟਿੱਕਾ ਹੋਰਾਂ ਨੇ ਦੱਸਿਆ ਕਿ ਇਸ ਖੇਤਰ ’ਚ ਕਰੀਬ ਪੰਜ-ਛੇ ਹਜ਼ਾਰ ਘਰ ਹਨ ਜਿਨ੍ਹਾਂ ਦਾ ਰਸਤਾ ਇਹੀ ਸੜਕ ਹੈ। ਅੱਗੋਂ ਇਹ ਸੜਕ ਪਿੰਡ ਉਦੇਕਰਣ, ਬੂੜਾ ਗੁੱਜਰ ਤੇ ਫਿਰੋਜ਼ਪੁਰ ਰੋਡ ਨੂੰ ਮਿਲਦੀ ਹੈ ਇਸ ਕਰਕੇ ਹਰ ਵੇਲੇ ਆਵਾਜਾਈ ਰਹਿੰਦੀ ਹੈ। ਸਿਟੀ ਹੋਟਲ ਤੋਂ ਲੈ ਕੇ ਕਰੀਬ ਦੋ ਕਿਲੋਮੀਟਰ ਸੜਕ ਉਪਰ ਗੰਦਾ ਪਾਣੀ ਭਰਿਆ ਹੋਣ ਕਰਕੇ ਲੋਕਾਂ ਨੂੰ ਕੰਮਾਂ ਅਤੇ ਬੱਚਿਆਂ ਨੂੰ ਸਕੂਲ ਜਾਣ ਲਈ ਇਸ ਗੰਦੇ ਪਾਣੀ ਵਿੱਚ ਵੀ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੈਰਾਂ ਨਾਲ ਲੱਗ ਕੇ ਇਹੀ ਗੰਦਾ ਪਾਣੀ ਰਸੋਈਆਂ ਤੱਕ ਚਲਾ ਜਾਂਦਾ ਹੈ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਇਸੇ ਪਾਣੀ ਵਿੱਚ ਡੁੱਬੀ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਵਾਰ ਵਾਰ ਸ਼ਿਕਾਇਤ ਕਰਨ ’ਤੇ ਵਿਭਾਗ ਦੀਆਂ ਗੱਡੀਆਂ ਸੀਵਰੇਜ ਵਿੱਚੋਂ ਪਾਣੀ ਭਰ ਕੇ ਲੈ ਜਾਂਦੀਆਂ ਹਨ ਪਰ ਕੁੱਝ ਸਮੇਂ ਬਾਅਦ ਫਿਰ ਪਹਿਲਾਂ ਵਾਲਾ ਹਾਲ ਹੋ ਜਾਂਦੀ ਹੈ। ਲੋਕਾਂ ਦੀ ਮੰਗ ਹੈ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਵਾਇਆ ਜਾਵੇ।
ਇਸ ਸਬੰਧੀ ਸੀਵਰੇਜ ਵਿਭਾਗ ਦੇ ਐਸ ਡੀ ਓ ਰਮਿੰਦਰਜੀਤ ਸਿੰਘ ਬੇਦੀ ਨੇ ਦੱਸਿਆ ਕਿ ਸੀਵਰੇਜ ਦੀਆਂ ਓਵਰ ਫਲੋਟ ਪਾਈਪਾਂ ਪਾਈਆਂ ਜਾ ਰਹੀਆਂ ਹਨ ਤੇ ਜਲਦੀ ਹੀ ਉਹ ਚਾਲੂ ਕਰ ਦਿੱਤੀਆਂ ਜਾਣਗੀਆਂ। ਪੁਰਾਣਾ ਸੀਵਰੇਜ ਕਈ ਥਾਵਾਂ ਤੋਂ ਜਾਮ ਹੋਣ ਕਰ ਕੇ ਪਾਣੀ ਓਵਰਫਲੋਅ ਹੋ ਜਾਂਦਾ ਹੈ ਫਿਰ ਵੀ ਉਹ ਇਸ ਸਮੱਸਿਆ ਦਾ ਜਲਦੀ ਹੱਲ ਕਰਨਗੇ।

