ਗਣਤੰਤਰ ਦਿਵਸ ’ਤੇ ਸ਼ਾਨਦਾਰ ਟਰੈਕਟਰ ਪਰੇਡ

ਗਣਤੰਤਰ ਦਿਵਸ ’ਤੇ ਸ਼ਾਨਦਾਰ ਟਰੈਕਟਰ ਪਰੇਡ

ਬਰਨਾਲਾ ਵਿੱਚ ਟਰੈਕਟਰ ਪਰੇਡ ਕਰਨ ਦੀ ਝਲਕ|

ਪਰਸ਼ੋਤਮ ਬੱਲੀ

ਬਰਨਾਲਾ, 27 ਜਨਵਰੀ  

ਸਾਂਝੇ ਕਿਸਾਨ ਫਰੰਟ ਵੱਲੋਂ ਬਰਨਾਲਾ ਜ਼ਿਲ੍ਹੇ ’ਚ ਪੰਜ ਥਾਈਂ ਟਰੈਕਟਰ ਮਾਰਚ ਕੀਤਾ ਗਿਆ| ਜਦੋਂਕਿ ਸਥਾਨਕ ਅਨਾਜ ਮੰਡੀ ’ਚ 26 ਜਨਵਰੀ ਨੂੰ ਸਵੇਰੇ ਦਸ ਵਜੇ ਤੋਂ ਹੀ ਕਿਸਾਨ ਆਪਣੇ ਟਰੈਕਟਰਾਂ ਸਣੇ ਇਕੱਠੇ ਹੋਣੇ ਸ਼ੁਰੂ ਹੋ ਗਏ| ਕੁਝ ਟਰਾਲੀਆਂ ਨੂੰ ਪੰਜਾਬ ਦੇ ਜੁਝਾਰੂ ਵਿਰਸੇ ਤੇ ਕਿਸਾਨ ਮੰਗਾਂ ਨੂੰ ਦਰਸਾਉਣ ਵਾਲੀਆਂ ਖਿੱਚ-ਪਾਊ ਝਾਕੀਆਂ ਨਾਲ ਸਜਾਇਆ ਗਿਆ ਸੀ| ਹਰ ਟਰੈਕਟਰ ’ਤੇ ਦੋ  ਝੰਡੇ ਲਾਏ ਹੋਏ ਸਨ, ਇਕ ਕਿਸਾਨ ਯੂਨੀਅਨ ਦਾ ਤੇ ਦੂਸਰਾ ਭਾਰਤ ਦਾ ਕੌਮੀ ਝੰਡਾ| ਥੋੜ੍ਹੇ ਸਮੇਂ ’ਚ ਪੂਰੀ ਦਾਣਾ ਮੰਡੀ ’ਚ ਚਾਰੋਂ ਤਰਫ਼ ਟਰੈਕਟਰ ਹੀ ਟਰੈਕਟਰ ਦਿਖਾਈ ਦੇਣ ਲੱਗੇ| ਇਕੱਤਰ ਹਜ਼ਾਰਾਂ ਟਰੈਕਟਰ ਚਾਲਕਾਂ ਨੂੰ ਅਨੁਸ਼ਾਸਨ ਰੱਖਣ, ਹੁੱਲੜਬਾਜ਼ੀ ਨਾ ਕਰਨ, ਰੂਟ ਪਲਾਨ ਅਨੁਸਾਰ ਚੱਲਣ ਤੇ ਧੀਮੀ ਗਤੀ ’ਚ ਟਰੈਕਟਰ ਚਲਾਉਣ ਆਦਿ ਦੀਆਂ ਹਿਦਾਇਤਾਂ ਦੇਣ ਬਾਅਦ ਮਾਰਚ ਸ਼ੁਰੂ ਹੋਇਆ ਜੋ ਦਾਣਾ ਮੰਡੀ ਤੋਂ ਬੱਸ ਸਟੈਂਡ ਰੋਡ, ਸਿਵਲ ਹਸਪਤਾਲ, ਕੱਚਾ ਕਾਲਜ ਰੋਡ ਤੋਂ ਕਾਲਜ ਰੋਡ ਹੁੰਦਾ ਹੋਇਆ ਪੂਰੇ ਸ਼ਹਿਰ ਦਾ ਦੌਰਾ ਕਰਨ ਬਾਅਦ ਸਮਾਪਤ ਹੋਇਆ| ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਦੇ ਹੱਕ ਵਿਚ ਜੋਸ਼ੀਲੇ ਨਾਅਰੇ ਲਾ ਰਹੇ ਸਨ|  ਝਾਕੀਆਂ ਵਾਲੀਆਂ ਟਰਾਲੀਆਂ ਖਾਸ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਤੇ ਲੋਕ ਇਨ੍ਹਾਂ ਕੋਲ ਖੜ੍ਹ ਕੇ ਸੈਲਫੀਆਂ ਲੈਂਦੇ ਦੇਖੇ ਗਏ| ਆਗੂਆਂ ਕਿਹਾ ਕਿ ਟਰੈਕਟਰ ਪਰੇਡ ਤੋਂ ਬਾਅਦ ਹੁਣ ਇਕ ਫਰਵਰੀ ਨੂੰ ਪਾਰਲੀਮੈਂਟ ਤੱਕ ਪੈਦਲ ਮਾਰਚ ਕੀਤਾ ਜਾਵੇਗਾ| ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਨਰਾਇਣ ਦੱਤ ਨੇ ਦੱਸਿਆ ਕਿ ਸਮੁੱਚੇ ਪ੍ਰਦਰਸ਼ਨ ’ਚ 6200 ਟਰੈਕਟਰ, ਮੋਟਰਸਾਈਕਲ, ਚੀਪਾਂ ਤੇ ਕਾਰਾਂ ਦੇ ਕਾਫਲਿਆਂ ਪਰੇਡ ’ਚ ਸ਼ਮੂਲੀਅਤ ਕੀਤੀ| 

ਫ਼ਿਰੋਜ਼ਪੁਰ (ਸੰਜੀਵ ਹਾਂਡਾ) ਮੰਗਲਵਾਰ ਨੂੰ ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਆਯੋਜਿਤ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਤੋਂ ਕੁਝ ਚਿਰ ਬਾਅਦ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਕਿਸਾਨਾਂ ਨੇ ਨਗਰ ’ਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ। ਟਰੈਕਟਰਾਂ ਵਿਚ ਕੁਝ ਜੇਸੀਬੀ ਮਸ਼ੀਨਾਂ ਵੀ ਸ਼ਾਮਲ ਸਨ। ਸੈਂਕੜੇ ਦੀ ਸੰਖਿਆ ’ਚ ਟਰੈਕਟਰਾਂ ਤੇ ਸਵਾਰ ਨੌਜਵਾਨ ਕਿਸਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜੈ ਜਵਾਨ-ਜੈ ਕਿਸਾਨ ਦੇ ਨਾਅਰੇ ਲਾ ਰਹੇ ਸਨ। ਤਕਰੀਬਨ ਹਰ ਟਰੈਕਟਰ ’ਤੇ ਉੱਚੀ ਆਵਾਜ਼ ’ਚ ਗਾਣੇ ਵੱਜ ਰਹੇ ਸਨ ਤੇ ਕਿਸਾਨ ਪੂਰੇ ਜੋਸ਼ ’ਚ ਸਨ। ਇਸ ਮੌਕੇ ਪੁਲੀਸ ਵੱਲੋਂ ਕਈ ਥਾਵਾਂ ਤੇ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਸਨ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ਗਣਤੰਤਰ ਦਿਵਸ ਮੌਕੇ ਹਜ਼ਾਰਾਂ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਨਾਲ ਸ਼ਹਿਰ ਵਿੱਚ ਪਰੇਡ ਕਰਕੇ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਹ ਪ੍ਰੇਡ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਕੀਤੀ ਗਈ। ਨਵੀਂ ਦਾਣਾ ਮੰਡੀ ਵਿੱਚ ਟਰੈਕਟਰਾਂ ਦੇ ਇਕੱਠੇ ਹੋਣ ਤੋਂ ਬਾਅਦ ਹਜ਼ਾਰਾਂ ਟਰੈਕਟਰਾਂ ਨੇ ਸ਼ਹਿਰ ’ਚ ਮਾਰਚ ਕਰਕੇ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਹੋਈ ਜਿਸ ’ਤੇ ਸ਼ਹਿਰ ਵਾਸੀਆਂ ਨੇ ਵੀ ਕਿਸਾਨਾਂ ਦੇ ਰੋਸ ਮੁਜ਼ਾਹਰੇ ਦੀ ਹਮਾਇਤ ਕੀਤੀ। 

ਬੋਹਾ (ਪੱਤਰ ਪ੍ਰੇਰਕ) ਬੋਹਾ ਖੇਤਰ ’ਚ ਕਿਸਾਨ ਜੱਥੇਬੰਦੀਆਂ ਵੱਲੋਂ ਗਣਤੰਤਰ ਦਿਵਸ ਟਰੈਕਟਰ ਪਰੇਡ ਕਰਕੇਕੇ ਮਣਾਇਆ ਗਿਆ। ਭਾਰਤੀ ਕਿਸਾਨ ਯੁਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਬਲਾਕ ਪ੍ਰਧਾਨ ਸਤਪਾਲ ਬਰ੍ਹੇ, ਬਲਾਕ ਮੀਤ ਪ੍ਰਧਾਨ ਨਛਤਰ ਸਿੰਘ ਅਹਿਮਦਪੁਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਜਸਵੀਰ ਸਿੰਘ ਗੱੜਦੀ ਦੀ ਅਗਵਾਈ ਹੇਠ ਨਿੱਕਲੀ ਇਸ ਟਰੈਕਟਰ ਪਰੇਡ ’ਚ 300 ਦੇ ਕਰੀਬ ਟਰੈਕਟਰਾਂ , 200 ਮੋਟਰਾਸਾਈਕਲਾਂ ਤੇ 100 ਤੋਂ ਉਪਰ ਕਾਰਾਂ ਨੇ ਹਿੱਸਾ ਲਿਆ। ਵੱਖ ਵੱਖ ਪਿੰਡਾਂ ’ਚੋਂ ਹੁੰਦੀ ਹੋਈ ਇਹ ਪਰੇਡ ਬੋਹਾ ਪਹੁੰਚੀ ਤਾਂ ਦੁਕਾਨਦਾਰਾਂ ਨੇ ਇਸ ਪਰੇਡ ਦਾ ਜ਼ੋਰਦਾਰ ਸਵਾਗਤ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿਮਘ ਦਿਆਲਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਕੱਲ੍ਹ ਦਿੱਲੀ ਦੇ ਲਾਲ ਕਿਲ੍ਹੇ ’ਤੇ ਕੁਝ ਲੋਕਾਂ ਵੱਲੋਂ ਆਪਣਾ ਝੰਡਾ ਝੁਲਾਉਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਣ ਨੂੰ ਕਮਜ਼ੋਰ ਕਰਨ ਲਈ ਸਰਕਾਰ ਨੇ ਆਪ ਹੀ ਆਪਣੀਆਂ ਏਜੰਸੀਆਂ ਤੇ ਆਪਣੇ ਬੰਦਿਆਂ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All