ਮੀਂਹ ਨਾਲ ਕਿਤੇ ਡੋਬਾ, ਕਿਤੇ ਸੋਕਾ

* ਹੁੰਮਸ ਵਾਲੀ ਗਰਮੀ ਤੋਂ ਰਾਹਤ; * ਸ਼ਹਿਰ ਦਾ ਅੱਧਾ ਹਿੱਸਾ ਹੋਇਆ ਜਲਥਲ; * ਨੀਵੇਂ ਇਲਾਕਿਆਂ ’ਚ ਪਾਣੀ ਭਰਿਆ

ਮੀਂਹ ਨਾਲ ਕਿਤੇ ਡੋਬਾ, ਕਿਤੇ ਸੋਕਾ

ਬਠਿੰਡਾ ਦੇ ਪਾਵਰ ਹਾਊਸ ਰੋਡ ’ਤੇ ਮੀਂਹ ਪੈਣ ਤੋਂ ਬਾਅਦ ਲੰਘਦੇ ਵਾਹਨ। -ਫੋਟੋ: ਪਵਨ ਸ਼ਰਮਾ

ਪੱਤਰ ਪ੍ਰੇਰਕ
ਬਠਿੰਡਾ, 13 ਅਗਸਤ

ਬਠਿੰਡਾ ਸ਼ਹਿਰ ਵਿੱਚ ਅੱਜ ਮੀਂਹ ਨੇ ਸੜਕਾਂ ਜਲਥਲ ਕਰ ਦਿੱਤੀਆਂ ਹਨ ਜਦੋਂ ਕਿ ਕਿ ਮਾਲਵਾ ਪੱਟੀ ਦੇ ਅੱਧੇ ਖੇਤਰ ਦੇ ਖੇਤ ਸੁੱਕੇ ਰਹਿ ਗਏ। ਬੀਤੇ ਕੁਝ ਦਿਨਾਂ ਤੋਂ ਹੁਮਸ ਵਾਲੀ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ।

ਅੱਜ ਪਏ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ ਉੱਥੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਉਂਜ ਰਾਮਾਂ ਮੰਡੀ ਖੇਤਰ ਦੇ ਕਈ ਪਿੰਡਾਂ ‘ਚੋਂ ਵੀ ਮੀਂਹ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ। ਵੇਰਵਿਆਂ ਮੁਤਾਬਿਕ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਨੇ ਇਸ ਹਫ਼ਤੇ ਦੇ ਮੌਸਮ ਸਬੰਧੀ ਜੋ ਅਗਾਊਂ ਜਾਣਕਾਰੀ ਦਿੱਤੀ ਸੀ, ਉਸ ਮੁਤਾਬਿਕ ਸ਼ਹਿਰ ‘ਚ ਪੂਰਾ ਮੀਂਹ ਪਿਆ।

ਗੋਨਿਆਣਾ ਸਾਈਡ, ਭੁੱਚੋ ਮੰਡੀ, ਮੌੜ ਮੰਡੀ ਖੇਤਰ ਦੇ ਪਿੰਡਾਂ ‘ਚ ਮੀਂਹ ਨਹੀਂ ਪਿਆ। ਅੱਜ ਸਵੇਰ ਤੋਂ ਹੀ ਅਸਮਾਨ ‘ਚ ਬੱਦਲ ਛਾਏ ਹੋਏ ਸਨ। ਬਾਅਦ ਦੁਪਹਿਰ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਬਠਿੰਡਾ ਸ਼ਹਿਰ ‘ਚ ਰੁਕ-ਰੁਕ ਕੇ ਬਾਰਸ਼ ਹੁੰਦੀ ਰਹੀ।

ਮੀਂਹ ਨਾਲ ਸ਼ਹਿਰ ਦੇ ਬੱਸ ਅੱਡੇ ਅੱਗਿਓਂ ਲੰਘਦੇ ਜੀਟੀ ਰੋਡ, ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ ਮਹਿਲਾ ਥਾਣੇ ਅੱਗੇ, ਪਰਸਰਾਮ ਨਗਰ ਅਤੇ ਪ੍ਰਤਾਪ ਨਗਰ ਖੇਤਰ ਦੇ ਨੀਵੇਂ ਇਲਾਕਿਆਂ ‘ਚ ਪਾਣੀ ਖੜ ਗਿਆ। ਪਾਣੀ ਨਿਕਾਸੀ ਦੇ ਪ੍ਰਬੰਧਾਂ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਫ਼ੋਨ ‘ਤੇ ਦੋ ਵਾਰ ਸੰਪਰਕ ਕੀਤਾ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ।

ਮਲੋਟ (ਲਖਵਿੰਦਰ ਸਿੰਘ): ਪਿਛਲੇ ਲਗਭਗ ਇਕ ਹਫਤੇ ਤੋਂ ਪੈ ਰਹੀ ਗਰਮੀ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ। ਅੱਜ ਪਿਛਲੇ ਪਹਿਰ ਪਏ ਸਾਉਣ ਦੇ ਤੇਜ਼ ਛਰਾਟਿਆਂ ਕਰਕੇ ਲੋਕਾਂ ਨੇ ਹਾਲ ਦੀ ਘੜੀ ਗਰਮੀਂ ਤੋਂ ਕੁੱਝ ਰਾਹਤ ਮਹਿਸੂਸ ਕੀਤੀ ਹੈ। ਮੌਸਮ ਵੀ ਖੁਸ਼ਗਵਾਰ ਬਣਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All