ਜੋਗਿੰਦਰ ਸਿੰਘ ਮਾਨ
ਮਾਨਸਾ 11 ਅਪਰੈਲ
ਕੌਮਾਂਤਰੀ ਯੁਵਾ ਦਿਵਸ ’ਤੇ ਭਲਕੇ 12 ਅਗਸਤ ਨੂੰ ਪੰਜਾਬ ਸਰਕਾਰ ਵੱਲ੍ਹੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਦੇ ਪੌਣੇ ਦੋ ਲੱਖ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਨੂੰ ਲੈ ਕੇ ਰਾਜ ਭਰ ਦੇ ਵਿਦਿਆਰਥੀਆਂ ਵਿੱਚ ਖੁਸ਼ੀ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲ੍ਹੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇਹ ਸਮਾਰਟ ਫੋਨ 12 ਅਗਸਤ ਨੂੰ ਕੌਮਾਂਤਰੀ ਯੁਵਾ ਦਿਵਸ ਤੇ ਇਹ ਸਮਾਰਟ ਫੋਨ ਵੰਡਣ ਦੀਆਂ ਹਦਾਇਤਾਂ ਲਿਖਤੀ ਰੂਪ ਵਿੱਚ ਜਾਰੀ ਕੀਤੀਆਂ ਗਈਆਂ ਹਨ। ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਮਾਰਟ ਫੋਨਾਂ ਐਲਾਨ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨਾਲ ਸਬੰਧਤ ਮਾਪੇ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਹੂਲਤ ਸਿਰਫ ਬਾਰਵੀਂ ਦੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਉਨ੍ਹਾਂ ਦੇ ਹੋਰ ਭੈਣ-ਭਰਾ ਵੀ ਆਨਲਾਈਨ ਸਿੱਖਿਆ ਲਈ ਇਸ ਦਾ ਵੱਡਾ ਫਾਇਦਾ ਉਠਾ ਸਕਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲ੍ਹੋਂ ਪਿਛਲੇ ਦਿਨੀਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੋਬਾਈਲ ਦਿੱਤੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਬਾਰ੍ਹਵੀਂ ਦੇ ਵਿਦਿਆਰਥੀਆਂ ਦੀਆਂ ਲਿਸਟਾਂ ਤਿਆਰ ਕਰਨ ਦੇ ਪਹਿਲਾ ਹੀ ਹੁਕਮ ਦਿੱਤੇ ਸਨ ਪਰ ਸਮਾਰਟ ਫੋਨ ਕਦੋਂ ਵੰਡੇ ਜਾਣੇ ਹਨ, ਇਸ ਬਾਰੇ ਸਪੱਸ਼ਟ ਨਹੀਂ ਸੀ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ’ਚ 13471, ਬਰਨਾਲਾ ’ਚ 3792, ਬਠਿੰਡਾ ’ਚ 8955, ਫਰੀਦਕੋਟ ’ਚ 3812, ਫਤਿਹਗੜ੍ਹ ਸਾਹਿਬ ’ਚ 3991, ਫਾਜ਼ਿਲਕਾ ’ਚ 8663, ਫਿਰੋਜ਼ਪੁਰ ’ਚ 5168, ਗੁਰਦਾਸਪੁਰ ’ਚ 12703, ਹੁਸ਼ਿਆਰਪੁਰ ’ਚ 10584, ਜਲੰਧਰ ’ਚ 11894, ਕਪੂਰਥਲਾ ’ਚ 4306, ਲੁਧਿਆਣਾ ’ਚ 16682, ਮਾਨਸਾ ’ਚ 6227, ਮੋਗਾ ’ਚ 6348, ਸ੍ਰੀ ਮੁਕਤਸਰ ਸਾਹਿਬ ’ਚ 6175 ਪਟਿਆਲਾ ’ਚ 13926 ਪਠਾਨਕੋਟ ’ਚ 5283, ਰੂਪਨਗਰ ’ਚ 4721, ਸੰਗਰੂਰ ’ਚ 11179, ਐੱਸਏਐੱਸ ਨਗਰ ’ਚ 5686, ਐੱਸਬੀਐੱਸ ਨਗਰ ’ਚ 3762, ਤਰਨਤਾਰਨ ’ਚ 6417 ਮੋਬਾਈਲ ਦਿੱਤੇ ਜਾਣੇ ਹਨ।