ਮੁਆਵਜ਼ਾ ਨਾ ਮਿਲਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਸਬ ਤਹਿਸੀਲ ਮਮਦੋਟ ਅਧੀਨ ਪੈਂਦੇ ਪਿੰਡ ਦੋਨਾਂ ਤੇਲੂ ਮੱਲ ਦੇ ਕਰੀਬ ਡੇਢ ਦਰਜਨ ਕਿਸਾਨਾਂ ਦੀਆਂ ਹੜ੍ਹਾਂ ਦੌਰਾਨ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਨਹੀਂ ਮਿਲਿਆ। ਕਿਸਾਨਾਂ ਨੇ ਮੁਆਵਜ਼ਾ ਨਾ ਮਿਲਣ ਕਾਰਨ ਸਬ ਤਹਿਸੀਲ ਮਮਦੋਟ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸੁਰਜੀਤ ਸਿੰਘ ਭੁੱਲਰ ਅਤੇ ਜੋਗਾ ਸਿੰਘ ਥਿੰਦ ਨੇ ਦੱਸਿਆ ਕਿ ਕਰੀਬ ਡੇਢ ਦਰਜਨ ਕਿਸਾਨਾਂ ਜਿਨ੍ਹਾਂ ਵਿੱਚ ਵਰਿਆਮ ਸਿੰਘ, ਬਖਸ਼ੀਸ਼ ਸਿੰਘ, ਕਰਨੈਲ ਸਿੰਘ, ਕੱਲਗਾ ਸਿੰਘ, ਮੇਹਰ ਸਿੰਘ, ਬਲਵੀਰ ਸਿੰਘ, ਹਰਦੀਪ ਸਿੰਘ, ਬਾਜ ਸਿੰਘ, ਜਸਵੰਤ ਸਿੰਘ, ਗੁਰਮੇਜ ਸਿੰਘ, ਸੂਬਾ ਸਿੰਘ, ਦਰਸ਼ਨ ਸਿੰਘ, ਸਵਰਨ ਸਿੰਘ, ਬਗੀਚਾ ਸਿੰਘ, ਬਖਸ਼ੀਸ਼ ਸਿੰਘਾਂ ਕਿਸਾਨਾਂ ਦੀ ਲਗਭਗ 62 ਏਕੜ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਸ ਕਾਰਨ ਕਿਸਾਨਾਂ ਨੂੰ ਮਜਬੂਰ ਹੋ ਕੇ ਨਾਇਬ ਤਹਿਸੀਲਦਾਰ ਮਮਦੋਟ ਦਾ ਦਫਤਰ ਘੇਰਨਾ ਪਿਆ। ਉਨ੍ਹਾਂ ਦੱਸਿਆ ਕਿ ਜੇ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪੈਂਦੇ ਟੀ ਪੁਆਇੰਟ ’ਤੇ ਧਰਨਾ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ| ਨਾਇਬ ਤਹਿਸੀਲਦਾਰ ਮਮਦੋਟ ਨੇ ਦੱਸਿਆ ਕਿ ਕਿਸਾਨਾਂ ਦੀ ਮੁਆਵਜ਼ੇ ਸਬੰਧੀ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਜਾ ਰਹੀ ਹੈ।
