ਭਾਜਪਾ ਦੀ ਦੋਗਲੀ ਸਿਆਸਤ ਖ਼ਿਲਾਫ਼ ਨਾਅਰੇਬਾਜ਼ੀ
‘ਆਪ’ ਵੱਲੋਂ ਸੱਜਣ ਕੁਮਾਰ ਦੇ ਪਰਿਵਾਰ ਨਾਲ ਸੋਗ ਕਰਨ ਦਾ ਵਿਰੋਧ; ਭਾਜਪਾ ਦਫ਼ਤਰ ਅੱਗੇ ਮੁਜ਼ਾਹਰਾ
ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਸ਼ੋਕ ਸਮਾਗਮ ਵਿੱਚ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਬਠਿੰਡਾ, ਮੁਕਤਸਰ ਅਤੇ ਮਾਨਸਾ ਜ਼ਿਲ੍ਹਿਆਂ ’ਚੋਂ ਆਏ ਕਰੀਮੀ ਲੇਅਰ ਦੇ ਆਗੂਆਂ ਨੇ ਅੱਜ ਇੱਥੇ ਭਾਜਪਾ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੀ ਕਥਿਤ ਦੋਗਲੀ ਸਿਆਸਤ ਅਤੇ ਦੋਹਰੇ ਮਾਪਦੰਡਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਨਾਲ ਪੁਲੀਸ ਵੱਲੋਂ ਦਫ਼ਤਰ ਤਰਫ਼ ਜਾਂਦੇ ਰਸਤਿਆਂ ’ਤੇ ਬੈਰੀਕੇਡਿੰਗ ਕੀਤੀ ਗਈ ਸੀ ਪਰ ਵਿਖਾਵਾਕਾਰੀਆਂ ਦੀ ਇਨ੍ਹਾਂ ਰੋਕਾਂ ਨੂੰ ਤੋੜਨ ਲਈ ਸੁਰੱਖਿਆ ਬਲਾਂ ਨਾਲ ਝੜਪ ਵੀ ਹੋਈ।
‘ਆਪ’ ਆਗੂਆਂ ਕਿਹਾ ਕਿ ਭਾਜਪਾ ਇੱਕ ਪਾਸੇ ਸਿੱਖਾਂ ਅਤੇ ਪੰਜਾਬ ਪ੍ਰਤੀ ਹਮਦਰਦੀ ਦਾ ਇਜ਼ਹਾਰ ਕਰਦੀ ਹੈ, ਪਰ ਦੂਜੇ ਪਾਸੇ ਉਸ ਦੇ ਸੰਸਦ ਮੈਂਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਿਤ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਦੇ ਪਰਿਵਾਰ ਨਾਲ ਸ਼ੋਕ ਸਾਂਝਾ ਕਰਨ ਪਹੁੰਚਦੇ ਹਨ। ਉਨ੍ਹਾਂ ਇਸ ਨੂੰ ਭਾਜਪਾ ਦਾ ਦੋਗਲਾ ਚਿਹਰਾ ਕਰਾਰ ਦਿੰਦਿਆਂ ਭਾਜਪਾ ਹਾਈ ਕਮਾਂਡ ਤੋਂ ਸਪੱਸ਼ਟ ਜਵਾਬ ਮੰਗਿਆ। ਆਗੂਆਂ ਕਿਹਾ ਕਿ 1984 ਦਾ ਦਰਦ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਦਿਲਾਂ ਵਿੱਚ ਅੱਜ ਵੀ ਜ਼ਿੰਦਾ ਹੈ। ਉਸ ਦੌਰ ਵਿੱਚ ਆਪਣੇ ਪਿਆਰੇ ਗੁਆਉਣ ਵਾਲੇ ਪਰਿਵਾਰਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸ਼ਮੂਲੀਅਤ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਉਨ੍ਹਾਂ ਦੇ ਦੁੱਖ ਨੂੰ ਹੋਰ ਡੂੰਘਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਅਤੇ ਸਿੱਖ ਭਾਈਚਾਰੇ ਸਾਹਮਣੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਆਗੂਆਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਇਸ ਸਿਆਸਤ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਉਸ ਧਰਮ ਅਤੇ ਇਤਿਹਾਸਕ ਦਰਦ ਨੂੰ ਸਿਆਸੀ ਫ਼ਾਇਦੇ ਲਈ ਵਰਤਣ ਦੀ ਹਰ ਕੋਸ਼ਿਸ਼ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਬਲਕਾਰ ਸਿੰਘ ਸਿੱਧੂ ਵਿਧਾਇਕ ਰਾਮਪੁਰਾ ਫੂਲ, ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਇੰਦਰਜੀਤ ਸਿੰਘ ਮਾਨ ਸੂਬਾ ਸਕੱਤਰ ਅਤੇ ਚੇਅਰਮੈਨ ਮਾਰਕਫੈੱਡ ਪੰਜਾਬ, ਨਵਦੀਪ ਸਿੰਘ ਜੀਦਾ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਸ਼ੂਗਰਫੈੱਡ ਪੰਜਾਬ, ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ ਅਤੇ ਜ਼ਿਲ੍ਹਾ ਪ੍ਰਧਾਨ ‘ਆਪ’ ਬਠਿੰਡਾ, ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਮਾਨਸਾ, ਚੁਸਪਿੰਦਰਵੀਰ ਸਿੰਘ ਚਹਿਲ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਮਾਨਸਾ, ਗੁਰਜੰਟ ਸਿੰਘ ਸਿਵੀਆਂ ਵਾਈਸ ਚੇਅਰਮੈਨ ਐੱਸਸੀ ਕਾਰਪੋਰੇਸ਼ਨ ਪੰਜਾਬ ਆਦਿ ਮੌਜੂਦ ਸਨ।

