SKM Farmers Stage Protests: ਕਿਸਾਨ ਮੋਰਚੇ ਦੇ ਸੱਦੇ ’ਤੇ ਮੁਜ਼ਾਹਰੇ
ਕਿਸਾਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਹੱਕੀ ਮੰਗਾਂ ਮੰਨਵਾਉਣ ਲਈ ਜ਼ਿਲ੍ਹਾ ਕਚਹਿਰੀਆਂ ਵਿੱਚ ਧਰਨਾ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਨੇ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਏ ਡੀ ਸੀ ਨੂੰ ਮੰਗ ਪੱਤਰ ਸੌਂਪਿਆ। ਏ ਡੀ ਸੀ ਨੇ ਭਰੋਸਾ ਦਿੱਤਾ ਕਿ ਮੰਗ ਪੱਤਰ ਤੁਰੰਤ ਕੇਂਦਰ ਅਤੇ ਪੰਜਾਬ ਸਰਕਾਰ ਤੱਕ ਭੇਜਿਆ ਜਾਵੇਗਾ। ਧਰਨੇ ਨੂੰ ਬੀ ਕੇ ਯੂ (ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਬੀ ਕੇ ਯੂ (ਡਕੌਂਦਾ) ਬੁਰਜ ਗਿੱਲ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਬੀ ਕੇ ਯੂ (ਡਕੌਂਦਾ) ਧਨੇਰ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਸਵਰਨ ਸਿੰਘ ਪੂਹਲੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਬੀ ਕੇ ਯੂ (ਮਾਲਵਾ) ਦੇ ਸੂਬਾ ਆਗੂ ਤਰਸੇਮ ਸਿੰਘ ਅਤੇ ਜ਼ਿਲ੍ਹਾ ਆਗੂ ਗੁਰਤੇਜ ਸਿੰਘ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਖਾਦਾਂ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਵਾਪਸ ਲਿਆ ਜਾਵੇ, ਨਵਾਂ ਹੱਦ ਕਰਜ਼ਾ ਲਾਗੂ ਕੀਤਾ ਜਾਵੇ ਅਤੇ ਸਵਾਮੀਨਾਥਨ ਕਮਿਸ਼ਨ ਦੇ ਸੀ-2+50 ਫਾਰਮੂਲੇ ਅਨੁਸਾਰ ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ, ਕਿਸਾਨ ਆਗੂਆਂ ਨੇ ਕਰਜ਼ਾ ਮੁਕਤੀ, 58 ਸਾਲ ਦੀ ਉਮਰ ਤੋਂ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ, ਸਰਕਾਰੀ ਫ਼ਸਲੀ ਬੀਮਾ ਯੋਜਨਾ ਅਤੇ ਬੀਜ ਬਿੱਲ ਤੇ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ ਵੀ ਕੀਤੀ। ਧਰਨੇ ਨੂੰ ਸ਼ਿੰਗਾਰਾ ਸਿੰਘ ਮਾਨ, ਜਸਵੀਰ ਸਿੰਘ ਆਕਲੀਆ, ਹਰਵਿੰਦਰ ਸਿੰਘ ਕੋਟਲੀ, ਕਰਮ ਸਿੰਘ ਭਾਈ ਰੂਪਾ, ਰਾਜ ਸਿੰਘ ਭੁੱਚੋ, ਜਗਸੀਰ ਸਿੰਘ ਝੁੰਬਾ, ਅਮਰਜੀਤ ਸਿੰਘ ਹਨੀ, ਹਰਿੰਦਰ ਕੌਰ ਬਿੰਦੂ, ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਗੁਰੂਸਰ ਅਤੇ ਰੇਸ਼ਮ ਸਿੰਘ ਖੇਮੂਆਣਾ ਨੇ ਵੀ ਸੰਬੋਧਨ ਕੀਤਾ ਜਦਕਿ ਸਟੇਜ ਦੀ ਕਾਰਵਾਈ ਜਗਦੇਵ ਸਿੰਘ ਜੋਗੇਵਾਲਾ ਨੇ ਨਿਭਾਈ।
ਮਾਨਸਾ (ਜੋਗਿੰਦਰ ਸਿੰਘ ਮਾਨ): ਡੀ ਸੀ ਦਫ਼ਤਰ ਅੱਗੇ ਦਿੱਤੇ ਧਰਨੇ ’ਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਭਾ ਕਿ ਯੂ (ਡਕੌਂਦਾ) ਦੇ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਸੂਬੇ ਦੀ ਖੇਤੀ ਸੰਕਟਗ੍ਰਸਤ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੱਧਰ ਤੇ ਬਹੁਪੱਖੀ ਕਦਮ ਚੁੱਕਣ ਦੀ ਜ਼ਰੂਰਤ ਹੈ। ਆਗੂਆਂ ਨੇ ਮੰਗ ਕੀਤੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਦਾ ਹੱਕ ਖੋਹਣ ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਯੂਰੀਆ ਖਾਦ ਦੀ ਕੀਮਤ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ, ਸਬਸਿਡੀ ਵਿੱਚ ਕੀਤੀ ਕਟੌਤੀ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਐੱਮ ਐੱਸ ਪੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ-2+50% ਦੇ ਫਾਰਮੂਲੇ ਅਨੁਸਾਰ ਲਾਗੂ ਕੀਤੀ ਜਾਵੇ ਅਤੇ ਐੱਮ ਐੱਸ ਪੀ ਤੋਂ ਘੱਟ ਖਰੀਦ ਕਰਨ ਨੂੰ ਸਜ਼ਾਯੋਗ ਅਪਰਾਧ ਐਲਾਨਿਆ ਜਾਵੇ। ਇਸ ਮੌਕੇ ਕੁਲਵੰਤ ਸਿੰਘ ਕਿਸ਼ਨਗੜ੍ਹ, ਲਾਲ ਚੰਦ ਸਰਦੂਲਗੜ੍ਹ, ਲਛਮਣ ਸਿੰਘ ਚੱਕ ਅਲੀਸ਼ੇਰ, ਨਿਰਮਲ ਸਿੰਘ ਝੰਡੂਕੇ, ਰਾਮਫਲ ਸਿੰਘ ਚੱਕ ਅਲੀਸ਼ੇਰ, ਰੂਪ ਸਿੰਘ ਭੀਖੀ ਅਤੇ ਮਲਕੀਤ ਸਿੰਘ ਜੋੜਕੀਆਂ ਨੇ ਵੀ ਸੰਬੋਧਨ ਕੀਤਾ।
ਫਾਜ਼ਿਲਕਾ (ਪਰਮਜੀਤ ਸਿੰਘ): ਇੱਥੇ ਡੀ ਸੀ ਦਫ਼ਤਰ ਸਾਹਮਣੇ ਧਰਨਾ ਦੇਣ ਉਪਰੰਤ ਏ ਡੀ ਸੀ ਮਨਦੀਪ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਬੀ ਕੇ ਯੂ (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਮਾ. ਹਰੀਸ਼ ਕੰਬੋਜ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਰਮੇਸ਼ ਵਡੇਰਾ, ਬੀ ਕੇ ਯੂ (ਡਕੌਂਦਾ)-ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਮੀਤ ਢਾਬਾਂ, ਬੀ ਕੇ ਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸੁੱਖ, ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਦੇ ਰੇਸ਼ਮ ਮਿੱਡਾ ਅਤੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਸੰਬੋਧਨ ਕੀਤਾ।
ਪਰਾਲੀ ਸਾੜਨ ਸਬੰਧੀ ਦਰਜ ਕੇਸ ਰੱਦ ਕਰਨ ਦੀ ਮੰਗ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪਰਾਲੀ ਸਾੜਨ ਸਬੰਧੀ ਦਰਜ ਕੀਤੇ ਕੇਸ ਰੱਦ ਕਰਨ, ਯੂਰੀਆ ਖਾਦ ਦੀ ਕੀਮਤ ’ਚ ਕੀਤਾ ਵਾਧਾ ਵਾਪਸ ਲੈਣ, ਫ਼ਸਲੀ ਕਰਜ਼ਾ ਮੁਹੱਈਆ ਕਰਾਉਣ, ਸਾਰੀਆਂ ਫ਼ਸਲਾਂ ’ਤੇ ਐੱਮ ਐੱਸ ਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਸਹਿਕਾਰੀ ਅਤੇ ਲੈਂਡ ਮਾਰਟਗੇਜ਼ ਬੈਂਕਾਂ ਵਿੱਚ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕਰਨ, ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਚੌਵੀ ਘੰਟੇ ਬਿਜਲੀ ਸਪਲਾਈ ਦੇਣ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀ ਸੀ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਧਰਨੇ ’ਚ ਗੁਰਭਗਤ ਸਿੰਘ ਭਲਾਈਆਣਾ ਬੀ ਕੇ ਯੂ (ਉਗਰਾਹਾਂ), ਜਰਨੈਲ ਸਿੰਘ ਰੋੜਾਂਵਾਲੀ, ਗੋਬਿੰਦ ਸਿੰਘ ਕੋਟਲੀ, ਪੂਰਨ ਸਿੰਘ ਵੱਟੂ, ਜਸਵਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ, ਜਗਸੀਰ ਸਿੰਘ, ਗੁਰਪਾਸ਼ ਸਿੰਘ, ਕਾਕਾ ਸਿੰਘ ਖੁੰਡੇ ਹਲਾਲ ਅਤੇ ਅਮਰਜੀਤ ਪਾਲ ਹੋਰਾਂ ਨੇ ਸੰਬੋਧਨ ਕੀਤਾ। ਬਾਅਦ ਵਿੱਚ ਐੱਸ ਡੀ ਐੱਮ ਗੁਰਕਿਰਨ ਸਿੰਘ ਨੇ ਧਰਨੇ ਵਿੱਚ ਆ ਕੇ ਕਿਸਾਨਾਂ ਕੋਲੋਂ ਮੰਗ ਪੱਤਰ ਲਿਆ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਹੋਣ ਵਾਲੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਤੇ ਬਾਕੀ ਸਬੰਧੀ ਸਰਕਾਰ ਨੂੰ ਜਾਣੂ ਕਰਾਉਣ ਦਾ ਭਰੋਸਾ ਦਿੱਤਾ।
ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ
ਬਰਨਾਲਾ (ਪਰਸ਼ੋਤਮ ਬੱਲੀ): ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੇ ਸੂਬਾਈ ਸੱਦੇ ’ਤੇ ਕਿਸਾਨੀ ਮੰਗਾਂ ਲਈ ਜ਼ਿਲ੍ਹੇ ਦੇ ਕਿਸਾਨਾਂ ਨੇ ਵੱਖ-ਵੱਖ ਸ਼ਾਮਲ ਜਥੇਬੰਦੀਆਂ ਦੀ ਅਗਵਾਈ ਹੇਠ ਇੱਥੇ ਡੀ ਸੀ ਦਫ਼ਤਰ ਧਰਨਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਜੇਕਰ ਕਿਸਾਨੀ ਮੰਗਾਂ ਨੂੰ ਸਰਕਾਰਾਂ ਵੱਲੋਂ ਨਾ ਗੌਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਬੁਲਾਰਿਆਂ ’ਚ ਚਮਕੌਰ ਸਿੰਘ ਨੈਣੇਵਾਲ, ਕਮਲਜੀਤ ਕੌਰ ਬਰਨਾਲਾ, ਜਰਨੈਲ ਸਿੰਘ ਬਦਰਾ, ਨਗਿੰਦਰ ਸਿੰਘ, ਭੁਪਿੰਦਰ ਸਿੰਘ, ਗੋਰਾ ਸਿੰਘ, ਮਨਜੀਤ ਰਾਜ, ਗੁਰਚਰਨ ਸਿੰਘ, ਗੁਰਜੰਟ ਸਿੰਘ, ਰਾਜਿੰਦਰ ਸਿੰਘ ਕਾਹਨੇ ਕੇ, ਦਰਸ਼ਨ ਸਿੰਘ ਉੱਗੋਕੇ, ਦਰਸ਼ਨ ਸਿੰਘ ਮਹਿਤਾ, ਗੁਰਦੇਵ ਸਿੰਘ, ਨਾਨਕ ਸਿੰਘ, ਅਮਰਜੀਤ ਸਿੰਘ, ਜੱਗਾ ਸਿੰਘ ਬਦਰਾ, ਹਰਦੀਪ ਸਿੰਘ , ਹਰਭੇਜ ਸਿੰਘ ਤੇ ਸੁਦਾਗਰ ਸਿੰਘ ਭੋਤਨਾ ਸ਼ਾਮਲ ਸਨ।

