
ਪ੍ਰਭੂ ਦਿਆਲ
ਸਿਰਸਾ, 22 ਮਾਰਚ
ਵਿਦਿਆਰਥੀਆਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਰਜਿਸਟਾਰ ਡਾ. ਰਾਜੇਸ਼ ਕੁਮਾਰ ਬਾਂਸਲ ਨੂੰ ਮੰਗ ਪੱਤਰ ਦਿੱਤਾ। ਰਜਿਸਟਾਰ ਵੱਲੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਲਦ ਦੂਰ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਸੀਡੀਐੱਲਯੂ ’ਚ ਰਜਿਸਟਾਰ ਨੂੰ ਮੰਗ ਪੱਤਰ ਦੇਣ ਪਹੁੰਚੇ ਵਿਦਿਆਰਥੀ ਵਿਜੈ ਅਰੋੜਾ ਤੇ ਹੋਰਾਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਸਾਲ ਐਲਾਨੇ ਨਤੀਜਿਆਂ ਵਿੱਚ ਬਹੁਤ ਜ਼ਿਆਦਾ ਖਾਮੀਆਂ ਹਨ, ਜਿਸ ਦਾ ਖ਼ਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਕਈਆਂ ਵਿਦਿਆਰਥੀਆਂ ਨੂੰ ਹਾਲੇ ਤੱਕ ਡੀਐੱਮਸੀ ਨਹੀਂ ਮਿਲੀ। ਹੋਰਾਂ ਯੂਨੀਵਰਸਿਟੀਆਂ ’ਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਨੂੰ ਡੀਐੱਮਸੀ ਲੈਣ ਲਈ ਯੂਨੀਵਰਸਿਟੀ ਦੀ ਚੱਕਰ ਲਾਉਣੇ ਪੈ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਨਤੀਜਿਆਂ ਦੀਆਂ ਖਾਮੀਆਂ ਦੂਰ ਕਰਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਡੀਐੱਮਸੀ ਘਰਾਂ ਦੇ ਪਤੇ ’ਤੇ ਭੇਜੀ ਜਾਏ ਤਾਂ ਜੋ ਦੂਰ ਦਰੇਡ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਗੇੜੇ ਨਾ ਲਾਉਣੇ ਪੈਣ। ਹੋਰ ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਰੀਅਪੀਅਰ ਦਾ ਨਤੀਜਾ ਜਲਦੀ ਐਲਾਨਿਆ ਜਾਏ। ਆਰਐੱਲਏ ਦਾ ਨਤੀਜਾ ਜਾਰੀ ਕੀਤਾ ਜਾਏ। ਦੂਜੇ ਤੇ ਚੌਥੇ ਸੇਮੇਸਟਰ ਦੇ ਸਾਰੇ ਕੋਰਸਾਂ ਦਾ ਨਤੀਜਾ ਤੁਰੰਤ ਜਾਰੀ ਕੀਤਾ ਜਾਏ। ਹੋਸਟਲ ਫੀਸ ਵਿਦਿਆਰਥੀਆਂ ਦੀ ਰੀਫੰਡ ਕੀਤੀ ਜਾਏ। ਹੋਸਟਲ ’ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ। ਯੂਨੀਵਰਸਿਟੀ ਦੇ ਖੇਡ ਮੈਦਾਨ ਤੇ ਖੇਡਾਂ ਨਾਲ ਸਬੰਧਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ। ਰਜਿਸਟਾਰ ਡਾ. ਰਾਜੇਸ਼ ਬਾਂਸਲ ਵੱਲੋਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਅਪਰੈਲ ਮਹੀਨੇ ਤੱਕ ਵਿਦਿਆਰਥੀਆਂ ਦੀ ਡੀਐੱਮਸੀ ਉਨ੍ਹਾਂ ਵੱਲੋਂ ਦਿੱਤੇ ਪਤੇ ’ਤੇ ਭੇਜ ਦਿੱਤੀਆਂ ਜਾਣਗੀਆਂ ਤੇ ਹੋਰ ਸਮੱਸਿਆਵਾਂ ਵੀ ਜਲਦੀ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ’ਤੇ ਸੁਮਿਤ ਕੁਮਾਰ, ਜਗਦੀਪ ਕੰਬੋਜ, ਆਜ਼ਾਦ ਕੁਮਾਰ, ਗਗਨਦੀਪ, ਰਵੀ ਛਿੰਪਾ, ਸੰਤ ਲਾਲ, ਸਤਬੀਰ ਸਾਹਨੀ, ਸਤੀਸ਼ ਕੁਮਾਰ, ਰਾਕੇਸ਼, ਦਿਨੇਸ਼ ਕੁਮਾਰ, ਲਵਪ੍ਰੀਤ ਲਾਡੀ, ਪੂਜਾ ਤੇ ਸਿਮਰਨ ਸਮੇਤ ਕਈ ਵਿਦਿਆਰਥੀ ਮੌਜੂਦ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ