ਸਿਰਸਾ: ਕਣਕ ਵੇਚਣ ਦੇ ਨਵੇਂ ਨਿਯਮਾਂ ਖ਼ਿਲਾਫ਼ ਡਟੇ ਆੜ੍ਹਤੀ
ਕਿਸਾਨ ਜਥੇਬੰਦੀਆਂ ਤੇ ਆੜ੍ਹਤੀਆਂ ਵੱਲੋਂ 11 ਨੂੰ ਚੱਕਾ ਜਾਮ ਦੀ ਚਿਤਾਵਨੀ
ਹਰਿਆਣਾ ਸਰਕਾਰ ਵੱਲੋਂ ਮੰਡੀਆਂ ’ਚ ਕਣਕ ਵੇਚਣ ਲਈ ਲਾਏ ਗਏ ਨਵੇਂ ਨਿਯਮਾਂ ਦੇ ਖ਼ਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ’ਚ ਰੋਹ ਹੈ, ਉੱਥੇ ਹੀ ਹੁਣ ਆੜ੍ਹਤੀ ਵੀ ਇਨ੍ਹਾਂ ਨਿਯਮਾਂ ਦੇ ਖ਼ਿਲਾਫ਼ ਇਕਜੁੱਟ ਹੋ ਗਏ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਆੜ੍ਹਤੀ ਐਸੋਸੀਏਸ਼ਨ ਦੀ ਅਨਾਜ ਮੰਡੀ ਸਥਿਤ ਕਿਸਾਨ ਭਵਨ ’ਚ ਹੋਈ ਸਾਂਝੀ ਮੀਟਿੰਗ ’ਚ ਫ਼ੈਸਲਾ ਲਿਆ ਗਿਆ ਕਿ ਹਰਿਆਣਾ ਸਰਕਾਰ ਵੱਲੋਂ ਕਣਕ ਵੇਚਣ ਲਈ ਨਵੇਂ ਨਿਯਮਾਂ ਦੇ ਖ਼ਿਲਾਫ਼ 11 ਅਪਰੈਲ ਨੂੰ ਸੂਬੇ ਭਰ ’ਚ ਚੱਕਾ ਜਾਮ ਕੀਤਾ ਜਾਵੇਗਾ।
ਇਸ ਸਬੰਧੀ ਮੀਟਿੰਗ ਉਪਰੰਤ ਪੱਤਰਕਾਰਾਂ ਗੱਲਬਾਤ ਕਰਦਿਆਂ ਐੱਸ ਕੇ ਐੱਮ ਦੇ ਮੈਂਬਰ ਅਤੇ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਜੰਮੂ, ਰਾਸ਼ਟਰੀ ਕਿਸਾਨ ਮੰਚ ਦੇ ਸੂਬਾ ਉਪ ਪ੍ਰਧਾਨ ਹਰਜਿੰਦਰ ਸਿੰਘ ਨਨੂਆਣਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਘੁਬੀਰ ਸਿੰਘ ਨਕੌੜਾ, ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਭਰਤ ਸਿੰਘ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਾਜਿੰਦਰ ਕੁਮਾਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੇ ਸੱਦੇ ’ਤੇ ਸਰਕਾਰ ਵੱਲੋਂ ਲਾਈਆਂ ਗਈਆਂ ਬੇਲੋੜੀਆਂ ਸ਼ਰਤਾਂ ਦੇ ਖ਼ਿਲਾਫ਼ 11 ਅਪਰੈਲ ਨੂੰ ਸੂਬੇ ਭਰ ’ਚ ਚੱਕਾ ਜਾਮ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਕਣਕ ਦੀ ਵਾਢੀ ਜ਼ੋਰ ਫੜ ਰਹੀ ਹੈ ਪਰ ਕਿਸਾਨਾਂ ਨੂੰ ਕਣਕ ਵੇਚਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਵੀ ਭੇਜੇ ਗਏ ਹਨ ਪਰ ਸਰਕਾਰ ਆਪਣੇ ਬੇਤੁਕੇ ਹੁਕਮਾਂ ’ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਨਿਯਮ ਨਾ ਸਿਰਫ਼ ਕਿਸਾਨਾਂ ਲਈ ਬਲਕਿ ਆੜ੍ਹਤੀਆਂ ਲਈ ਵੀ ਖੱਜਲ-ਖੁਆਰ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਸਾਰੀਆਂ ਖ਼ਰੀਦ ਸ਼ਰਤਾਂ ਸਹੀ ਨਹੀਂ ਹਨ। ਉਨ੍ਹਾਂ ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

