Sirsa news: ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਲਈ ਮੁੜ ਜਥੇਬੰਦਕ ਪੜਚੋਲ
ਆਬਜ਼ਰਵਰ ਦੇ ਸਵਾਲਾਂ ’ਚ ਉਲਝੇ ਕਾਂਗਰਸੀ; ਆਗੂਆਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ
ਸਿਰਸਾ ਕਾਂਗਰਸ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਦੀ ਭਾਲ ਲਈ ਵਰਕਰਾਂ ਦਾ ਮਸ਼ਵਰਾ ਜਾਣਨ ਵਾਸਤੇ ਮਹਾਰਾਸ਼ਟਰ ਦੀ ਸਾਬਕਾ ਮੰਤਰੀ ਅਤੇ ਕੇਂਦਰੀ ਆਬਜ਼ਰਵਰ ਯਸ਼ੋਮਤੀ ਚੰਦਰਕਾਂਤ ਠਾਕੁਰ ਅੱਜ ਡੱਬਵਾਲੀ ਪੁੱਜੀ। ਉਨ੍ਹਾਂ ਦੇ ਸਨਮੁੱਖ ਜ਼ਿਲ੍ਹਾ ਪ੍ਰਧਾਨ ਦੇ ਦਾਅਵੇਦਾਰਾਂ ਨੇ ਸਮਰਥਕਾਂ ਸਣੇ ਤਾਕਤ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਕਾਂਗਰਸ ਦੀ ਜ਼ਮੀਨੀ ਕਾਰਗੁਜ਼ਾਰੀ ਦਾ ਵਹੀ-ਖਾਤਾ ਲੈ ਕੇ ਪੁੱਜੇ ਕੁੱਝ ਕਾਰਕੁਨ ਦੀ ਆਪਣੀ ਨਬਜ਼ ਉਦੋਂ ਵਿਗੜ ਗਈ, ਜਦੋਂ ਉਹ ਪਾਰਟੀ ਨਾਲ ਸਬੰਧਤ ਬੁਨਿਆਦੀ ਸਵਾਲਾਂ ਵਿੱਚ ਹੀ ਉਲਝ ਗਏ। ਸੂਤਰਾਂ ਮੁਤਾਬਕ ਕੇਂਦਰੀ ਆਬਜ਼ਰਵਰ ਠਾਕੁਰ ਨੇ ਪਾਰਟੀ ਦੇ ਕੌਮੀ ਪ੍ਰਧਾਨ, ਸੂਬਾ ਪ੍ਰਧਾਨ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਨਾਂਅ ਪੁੱਛੇ ਤਾਂ ਕਈ ਕਾਰਕੁਨ ਜਵਾਬ ਨਾ ਦੇ ਸਕੇ। ਆਬਜ਼ਰਵਰ ਨੇ ਉਨ੍ਹਾਂ ਨੂੰ ਪਾਰਟੀ ਪ੍ਰਤੀ ਅਸਲ ਪਛਾਣ ਤੇ ਵਫ਼ਾਦਾਰੀ ਨੂੰ ਲੈ ਕੇ ਤਿੱਖੀ ਨਸੀਹਤ ਦਿੱਤੀ।
ਪੀ ਡਬਲਿਊ ਡੀ ਰੈਸਟ ਹਾਊਸ ’ਚ ਬੀਬੀ ਠਾਕੁਰ ਨੇ ਬੰਦ ਕਮਰੇ ’ਚ ਆਗੂਆਂ ਤੇ ਕਾਰਕੁਨਾਂ ਨਾਲ ਮੁਲਾਕਾਤ ਕਰ ਕੇ ਜਥੇਬੰਦੀ ਦੀ ਸਥਿਤੀ ਜਾਣੀ। ਜ਼ਿਲ੍ਹੇ ਭਰ ਤੋਂ ਸੀਨੀਅਰ ਆਗੂ ਵੱਡੀ ਗਿਣਤੀ ਸਮਰਥਕਾਂ ਨਾਲ ਪੁੱਜੇ ਸਨ। ਪਿਛਲੀ ਵਾਰ ਜ਼ਿਲ੍ਹਾ ਪ੍ਰਧਾਨ ਦੀ ਦੌੜ ਵਿੱਚ ਪੱਛੜੇ ਦਰਜਨ ਭਰ ਆਗੂ ਵੀ ਦਾਅਵੇਦਾਰੀ ਲਈ ਸਮਰਥਕਾਂ ਦੇ ਟੋਲੇ ਲੈ ਕੇ ਪੁੱਜੇ। ਕੁਝ ਟੋਲਿਆਂ ਵਿੱਚ ਪਿੰਡਾਂ ਤੋਂ ਵਿਰੋਧੀ ਧਿਰਾਂ ਨਾਲ ਖੁੱਲ੍ਹੇਆਮ ਜੁੜੇ ਕਾਰਕੁਨ ਵੀ ਦਿਖਾਈ ਦਿੱਤੇ। ਯਸ਼ੋਮਤੀ ਚੰਦਰਕਾਂਤ ਠਾਕੁਰ ਨੇ ਦੱਸਿਆ ਕਿ ਸਿਰਸਾ ਜ਼ਿਲ੍ਹੇ ’ਚ ਜਥੇਬੰਦੀ ਦੀ ਮਜ਼ਬੂਤੀ ਤੇ ਕਾਰਕੁਨਾਂ ਦੀਆਂ ਭਾਵਨਾਵਾਂ ਜਾਣਨ ਲਈ ਉਨ੍ਹਾਂ ਨੂੰ ਭੇਜਿਆ ਗਿਆ ਹੈ ਤੇ ਜ਼ਿਲ੍ਹਾ ਪ੍ਰਧਾਨ ਦੀ ਅੰਤਿਮ ਚੋਣ ਹਾਈਕਮਾਨ ਕਰੇਗਾ। ਉਹ 5 ਸਤੰਬਰ ਨੂੰ ਜ਼ਮੀਨੀ ਹਕੀਕਤ ਬਾਰੇ ਰਿਪੋਰਟ ਹਾਈਕਮਾਨ ਨੂੰ ਸੌਂਪਣਗੇ।
ਕਾਂਗਰਸ ਕਾਰਕੁੰਨਾਂ ਦੀ ਮੰਗ ਹੈ ਕਿ ਜਥੇਬੰਦਕ ਕਮਾਂਡ ਕਿਸੇ ਤਜ਼ਰਬੇਕਾਰ ਤੇ ਸੀਨੀਅਰ ਆਗੂ ਨੂੰ ਦਿੱਤੀ ਜਾਵੇ।

