ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋਂ ਡੀਸੀ ਦਫ਼ਤਰਾਂ ਦਾ ਘਿਰਾਓ : The Tribune India

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋਂ ਡੀਸੀ ਦਫ਼ਤਰਾਂ ਦਾ ਘਿਰਾਓ

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋਂ ਡੀਸੀ ਦਫ਼ਤਰਾਂ ਦਾ ਘਿਰਾਓ

ਫਾਜ਼ਿਲਕਾ ’ਚ ਡੀਸੀ ਦਫ਼ਤਰ ਦਾ ਮੇਨ ਗੇਟ ਬੰਦ ਕਰ ਕੇ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਤੇ ਮਜ਼ਦੂਰ। -ਫੋਟੋ: ਪਰਮਜੀਤ ਸਿੰਘ

ਨਿੱਜੀ ਪੱਤਰ ਪ੍ਰੇਰਕ

ਮੋਗਾ, 7 ਦਸੰਬਰ

ਇੱਥੇ ਜ਼ਿਲ੍ਹਾ ਸਕੱਤਰੇਤ ਅੰਦਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦਿਨ-ਰਾਤ ਦਾ ਪੱਕਾ ਮੋਰਚਾ 12ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨਾਂ ਵੱਲੋਂ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰ ਕੇ ਰੋਸ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ 12 ਦਸੰਬਰ ਨੂੰ ਸੂਬਾ ਸਰਕਾਰ ਵਜ਼ੀਰਾਂ ਤੇ ਵਿਧਾਇਕਾਂ ਦੇ ਘਿਰਾਓ ਤੇ 15 ਦਸੰਬਰ ਤੋਂ ਸੂਬੇ ਭਰ ਵਿੱਚ ਟੌਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹਵਾਲਾ, ਜਗਜੀਤ ਸਿੰਘ ਖੋਸਾ ਤੇ ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਕਿਹਾ ਕਿ ਸਰਕਾਰ ਅਤਿ ਦੀ ਠੰਢ ਵਿੱਚ ਬੈਠੇ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 26 ਨਵੰਬਰ ਤੋਂ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਵੀ ਹੋ ਰਹੀ ਹੈ ਪਰ ਉਨ੍ਹਾਂ ਨੂੰ ਸਰਕਾਰ ਤੋਂ ਕੋਈ ਆਸ ਨਹੀਂ ਕੇ ਅੱਜ ਦੀ ਮੀਟਿੰਗ ਵਿੱਚ ਸਰਕਾਰ ਕੋਈ ਸਾਰਥਕ ਹੱਲ ਕੱਢੇਗੀ ਕਿਉਂਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਦੇ ਰੌਂਅ ਵਿੱਚ ਨਹੀਂ ਹੈ। ਇਸ ਮੌਕੇ ਹਰਬੰਸ ਸਿੰਘ ਸਾਹ ਵਾਲਾ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆ, ਬਲਜਿੰਦਰ ਖੰਬੇ, ਗੁਰਮੇਜ ਸਿੰਘ ਦਾਨੇ ਵਾਲਾ, ਜਸਬੀਰ ਕਿੱਲੀ, ਪ੍ਰਤਾਪ ਸਿੰਘ ਝੰਡਾ ਬੱਗਾ, ਨਿਸ਼ਾਨ ਸਿੰਘ ਸੈਦੇ ਸਾਹ, ਕੁਲਵਿੰਦਰ ਸਿੰਘ ਫੌਜੀ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਆਦਿ ਹਾਜ਼ਰ ਸਨ।

ਫਾਜ਼ਿਲਕਾ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਬੀਤੇ ਕਈ ਦਿਨਾਂ ਤੋਂ ਲੱਗੇ ਪੱਕੇ ਮੋਰਚੇ ਦੌਰਾਨ ਅੱਜ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਦਾ ਮੇਨ ਗੇਟ ਬੰਦ ਕਰ ਕੇ ਫਾਜ਼ਿਲਕਾ-ਅਬੋਹਰ ਰੋਡ ਦੇ ਇਕ ਪਾਸੇ ਦੀ ਆਵਾਜ਼ਾਈ ਠੱਪ ਕਰ ਦਿੱਤੀ ਗਈ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਮਾਨਸਾ ਅਤੇ ਜ਼ਿਲ੍ਹਾ ਸਕੱਤਰ ਕੁਲਵੰਤ ਸਿੰਘ ਹਸਤਾ ਕਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਬੈਠੇ ਅੱਜ 11 ਦਿਨ ਹੋ ਗਏ ਹਨ ਪਰ ਅਜੇ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ, ਜਿਸ ਕਾਰਨ ਉਹ ਅੱਜ ਡਿਪਟੀ ਕਮਿਸ਼ਨਰ ਦਫਤਰਾਂ ਦੇ ਗੇਟ ਬੰਦ ਕਰਕੇ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਮਨਜੀਤ ਸਿੰਘ, ਬਲਵੰਤ ਸਿੰਘ ਖਾਲਸਾ ਜਲਾਲਾਬਾਦ, ਗੁਰਮੇਜ ਸਿੰਘ ਹਸਤਾ ਕਲਾਂ, ਬਲਵੰਤ ਸਿੰਘ ਤੇਜਾ ਰੁਹੇਲਾ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All