ਭਾਵੇਂ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦੇ ਦਿਨ ਸਿਰ ’ਤੇ ਹਨ ਪਰ ਮਾਲਵਾ ਖੇਤਰ ਦੇ ਬਾਜ਼ਾਰਾਂ ਵਿੱਚ ਡੀ ਏ ਪੀ ਖਾਦ ਦੀ ਘਾਟ ਕਾਰਨ ਅੰਨਦਾਤਾ ਪ੍ਰੇਸ਼ਾਨ ਹੋਣ ਲੱਗਿਆ ਹੈ। ਬਾਜ਼ਾਰ ਵਿੱਚ ਕਿਸਾਨਾਂ ਨੂੰ ਇਹ ਖਾਦ ਨਹੀਂ ਮਿਲ ਰਹੀ ਹੈ ਪਰ ਕੁਝ ਵਪਾਰੀ ਕਿਸਾਨ ਨੂੰ ਮਹਿੰਗੇ ਭਾਅ ’ਤੇ ਖਾਦ ਵੇਚ ਰਹੇ ਹਨ। ਇਸ ਵਾਰ ਮਾਲਵਾ ਪੱਟੀ ਵਿੱਚ ਨਾ ਝੋਨਾ ਵਿਕ ਰਿਹਾ ਹੈ ਅਤੇ ਨਾ ਹੀ ਡੀ ਏ ਪੀ ਖਾਦ ਮਿਲ ਰਹੀ ਹੈ, ਹੁਣ ਬਾਜ਼ਾਰ ਅਤੇ ਸਹਿਕਾਰੀ ਸਭਾਵਾਂ ਵਿੱਚ ਡੀ ਏ ਪੀ ਖਾਦ ਕਦੋਂ ਆਵੇਗੀ, ਇਸ ਦਾ ਦੁਕਾਨਦਾਰਾਂ ਅਤੇ ਸਭਾਵਾਂ ਦੇ ਪ੍ਰਬੰਧਕਾਂ ਵੱਲੋਂ ਅਜੇ ਤੱਕ ਕੋਈ ਤਸੱਲੀਬਖ਼ਸ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਇਸ ਕਾਰਨ ਕਿਸਾਨ ਘਬਰਾਉਣ ਲੱਗੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਬਿਹਾਰ ਸਣੇ ਹੋਰ ਸੂਬਿਆਂ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਕਾਰਨ ਉਸ ਪਾਸੇ ਕੇਂਦਰ ਸਰਕਾਰ ਵੱਲੋਂ ਜ਼ਿਆਦਾ ਡੀ ਏ ਪੀ ਖਾਦ ਭੇਜੀ ਦਿੱਤੀ ਗਈ ਹੈ। ਪੰਜਾਬ ਐਂਤਕੀ ਆਮ ਦੇ ਮੁਕਾਬਲੇ ਬਹੁਤ ਘੱਟ ਖਾਦ ਆਈ ਹੈ ਅਤੇ ਜਿਹੜੀ ਆਈ ਹੈ, ਉਹ ਤਰਨ ਤਾਰਨ ਜ਼ਿਮਨੀ ਚੋਣ ਵਾਲੇ ਇਲਾਕੇ ਵਿੱਚ ਜਾਣ ਲੱਗੀ ਹੈ।
ਇੱਥੇ ਜ਼ਿਕਰਯੋਗ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੇ ਚੰਗੇ ਝਾੜ ਲਈ ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਦੇ ਚੌਥੇ ਹਫ਼ਤੇ ਤੋਂ 15 ਨਵੰਬਰ ਤੱਕ ਦੱਸਿਆ ਜਾ ਰਿਹਾ ਹੈ, ਪਰ ਅਜੇ ਤੱਕ ਬਿਜਾਈ ਲਈ ਡੀ ਏ ਪੀ ਖਾਦ ਦੀ ਤੰਗੀ ਨੇ ਕਿਸਾਨਾਂ ਲਈ ਚਿੰਤਾ ਖੜ੍ਹੀ ਕੀਤੀ ਹੋਈ ਹੈ।
ਬੀ ਕੇ ਯੂ (ਏਕਤਾ) ਉਗਰਾਹਾਂ ਵੱਲੋਂ ਧਰਨਾ ਅੱਜ
ਡੀ ਏ ਪੀ ਖਾਦ ਦੀ ਘਾਟ ਪੂਰੀ ਕਰਨ ਅਤੇ ਖਾਦਾਂ ਦੇ ਨਾਲ ਬੇਲੋੜਾ ਹੋਰ ਸਾਮਾਨ ਜਬਰੀ ਦੇਣ ਦੇ ਖ਼ਿਲਾਫ਼ ਬੀ ਕੇ ਯੂ (ਏਕਤਾ) ਉਗਰਾਹਾਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚਾਰ ਨਵੰਬਰ ਨੂੰ ਧਰਨਾ ਦਿੱਤਾ ਜਾਵੇਗਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਣਕ ਦੀ ਬਿਜਾਈ ਲਈ ਢੁੱਕਵੀਂ ਮਾਤਰਾ ਵਿੱਚ ਡੀ ਏ ਪੀ ਖਾਦ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖਾਦ ਲੈਣ ਲਈ ਦਰ-ਦਰ ਭੜਕ ਰਹੇ ਹਨ, ਪਰ ਪੰਜਾਬ ਸਰਕਾਰ ਵੱਲੋਂ ਚੁੱਪ ਧਾਰੀ ਹੋਈ ਹੈ। ਕਿਸਾਨ ਆਗੂ ਨੇ ਦੱਸਿਆ ਜਿੱਥੇ ਕਿਤੇ ਖਾਦ ਮਿਲਦੀ ਹੈ, ਉੱਥੇ ਖਾਦ ਨਾਲ ਜਬਰੀ ਹੋਰ ਸਾਮਾਨ ਕਿਸਾਨਾਂ ਨੂੰ ਦਿੱਤਾ ਜਾ ਰਿਹਾ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

