ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਦਸੰਬਰ
ਇਥੇ ਸਿਟੀ ਪੁਲੀਸ ਨੇ ਸੈਨੇਟਰੀ ਦੇ ਦੁਕਾਨਦਾਰ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਉੱਤੇ ਆਮ ਪਰਿਵਾਰ ਦੀ ਮੁਟਿਆਰ ਨਾਲ ਫੇਸਬੁੱਕ ਉੱਤੇ ਦੋਸਤੀ ਹੋਣ ਬਾਅਦ ਵਿਆਹ ਦਾ ਝਾਂਸਾ ਦੇ ਕੇ ਪੀੜਤ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲੱਗਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਨਵਨੀਤ ਕੌੌਰ ਨੇ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਪਿੰਡ ਭਿੰਡਰ ਕਲਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਸਥਾਨਕ ਖੇਤਰੀ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਮੁਲਜਮ ਨੂੰ ਪੁੱਛਗਿੱਛ ਲਈ 5 ਦਸੰਬਰ ਤੱਕ ਰਿਮਾਂਡ ਉੱਤੇ ਪੁਲੀਸ ਹਵਾਲੇ ਕਰ ਦਿੱਤਾ ਹੈ। ਪੁਲੀਸ ਮੁਤਾਬਕ ਮੁਲਜ਼ਮ ਪਿੰਡ ਭਿੰਡਰ ਕਲਾਂ ਵਿਖੇ ਤੂਰ ਸੈਂਨੇਟਰ ਨਾਮ ਹੇਠ ਕਾਰੋਬਾਰ ਕਰਦਾ ਹੈ ਅਤੇ ਉਸ ਦੀ ਪੀੜਤ ਮੁਟਿਆਰ ਨਾਲ ਫੇਸਬੁੱਕ ਉੱਤੇ ਕਰੀਬ 2 ਮਹੀਨੇ ਪਹਿਲਾਂ ਦੋਸਤੀ ਹੋਈ ਸੀ। ਪੀੜਤ ਦਾ ਦੋਸ਼ ਹੈ ਕਿ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾ ਲਏ। ਉੁਹ ਹੁਣ ਵਿਆਹ ਕਰਨ ਤੋਂ ਹੀ ਨਹੀਂ ਮੁਕਰਿਆ ਸਗੋਂ ਉਸ ਨੂੰ ਧਮਕੀਆਂ ਦੇਣ ਲੱਗ ਪਿਆ ਸੀ। ਪੁਲੀਸ ਨੇ ਮੁਢਲੀ ਪੜਤਾਲ ਮਗਰੋਂ ਮੁਲਜ਼ਮ ਖ਼ਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।