ਵਪਾਰੀ ’ਤੇ ਗੋਲੀਬਾਰੀ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਸ਼ਹਿਰੀ ਅਸੰਤੁਸ਼ਟ
ਪੁਲੀਸ ਅਧਿਕਾਰੀਆਂ ਦੇ ਤਬਾਦਲੇ ਲਈ ਮੁੱਖ ਮੰਤਰੀ ਦਾ ਪੁਤਲਾ ਫੂਕਿਆ; ਅੱਠ ਨੂੰ ਰੋਸ ਮਾਰਚ ਦਾ ਐਲਾਨ
ਮਾਨਸਾ ਸ਼ਹਿਰ ਵਿੱਚ ਵਪਾਰੀ ਦੀ ਦੁਕਾਨ ’ਤੇ ਹੋਈ ਗੋਲੀਬਾਰੀ ਮਾਮਲੇ ਤਿੰਨ ਮੁਲਜ਼ਮਾਂ ਨੂੰ ਫੜਨ ਵਾਲੀ ਪੁਲੀਸ ਕਹਾਣੀ ਸ਼ਹਿਰੀਆਂ ਨੂੰ ਹਜ਼ਮ ਨਹੀਂ ਹੋ ਰਹੀ ਤੇ ਇਸ ਸਬੰਧੀ ਪੁਲੀਸ ਖਿਲਾਫ਼ ਉਂਗਲ ਉਠਣ ਲੱਗੀ ਹੈ। ਭਾਵੇਂ ਪੁਲੀਸ ਦੇ ਡੀ ਆਈ ਜੀ ਬਠਿੰਡਾ ਰੇਂਜ ਸਮੇਤ ਐੱਸ ਐੱਸ ਪੀ ਮਾਨਸਾ ਨੇ ਅੱਜ ਤੀਜੇ ਮੁਲਜ਼ਮ ਨੂੰ ਵੀ ਫੜਨ ਦਾ ਦਾਅਵਾ ਕੀਤਾ ਗਿਆ, ਪਰ ਸ਼ਹਿਰੀਆਂ ਵੱਲੋਂ ਪੁਲੀਸ ਦੀ ਕਹਾਣੀ ਨੂੰ ਸੱਚ ਨਹੀਂ ਮੰਨਿਆ ਹੈ।
ਸ਼ਹਿਰੀਆਂ ਨੇ ਅੱਜ ਐੱਸ ਐੱਸ ਪੀ ਮਾਨਸਾ ਅਤੇ ਥਾਣਾ ਸਿਟੀ-1 ਮਾਨਸਾ ਦੇ ਮੁਖੀ ਦਾ ਤਬਾਦਲਾ ਕਰਨ ਲਈ ਸ਼ਹਿਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਪੁਤਲੇ ਨੂੰ ਅੱਗ ਲਾਉਣ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਰਾਬ ਦੀ ਬੋਤਲ ਰੱਖੀ ਗਈ ਤੇ ਪੁਤਲੇ ਨੂੰ ਅੱਗੇ ਪਟਿਆਲਾ ਤੋਂ ਸੰਸਦੀ ਮੈਂਬਰ ਧਰਮਵੀਰ ਗਾਂਧੀ ਵੱਲੋਂ ਲਾਈ ਗਈ। ਇਸ ਮਾਮਲੇ ਸਬੰਧੀ ਚੁਣੀ 21 ਮੈਂਬਰੀ ਕਮੇਟੀ ਦੇ ਆਗੂਆਂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਸ਼ਹਿਰ ਦੀ ਵਿਗੜਦੀ ਕਾਨੂੰਨ ਵਿਵਸਥਾ, ਚੋਰੀਆਂ ਅਤੇ ਹੋਰ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੇਹ ਵਪਾਰ ਬੰਦ ਕਰਨ ਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੋਕਣ ਵਿੱਚ ਪੁਲੀਸ ਪ੍ਰਸ਼ਾਸਨ ਅਸਫ਼ਲ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਮਾਮਲੇ ਨੂੰ ਲੈ ਕੇ 8 ਨਵੰਬਰ ਨੂੰ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ। ਰੋਸ ਮੁਜ਼ਾਹਰੇ ਮੌਕੇ ਪਟਿਆਲਾ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਕਿ ਦਿੱਲੀ ਵਿੱਚ ਚੋਣਾਂ ਹਾਰ ਕੇ ਪੰਜਾਬ ਵਾਪਸ ਆਏ ਸਿਆਸਤਦਾਨਾਂ ਤੇ ਸਥਾਨਕ ਆਗੂਆਂ ਵਿਚਕਾਰ ਤਾਲਮੇਲ ਦੀ ਘਾਟ ਕਾਰਨ ਸੂਬਾਈ ਨੌਕਰਸ਼ਾਹੀ ਤੇ ਪੁਲੀਸ ਪ੍ਰਸ਼ਾਸਨ ਭੰਬਲਭੂਸੇ ਵਿੱਚ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਕੋਨੇ ਵਿੱਚ ਲੁੱਟ-ਖਸੁੱਟ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਾਨੂੰਨ ਵਿਵਸਥਾ ’ਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਮੌਕੇ ਨਾਜ਼ਰ ਸਿੰਘ ਮਾਨਸ਼ਾਹੀਆ, ਸੁਖਵਿੰਦਰ ਸਿੰਘ ਔਲਖ, ਮੰਗਤ ਰਾਏ ਬਾਂਸਲ (ਤਿੰਨੇ ਸਾਬਕਾ ਵਿਧਾਇਕ), ਗੁਰਪ੍ਰੀਤ ਸਿੰਘ ਵਿੱਕੀ ਜੈਲਦਾਰ, ਬਿਕਰਮ ਮੋਫਰ, ਬਲਕੌਰ ਸਿੰਘ ਸਿੱਧੂ ਮੂਸੇਵਾਲਾ ਤੇ ਸਤੀਸ਼ ਗਰਗ ਆਦਿ ਮੌਜੂਦ ਸਨ।
ਮੁਲਜ਼ਮਾਂ ਨੂੰ ਪਨਾਹ ਦੇਣ ਵਾਲਾ ਕਾਬੂ; ਤਿੰਨ ਦਾ ਸਨਮਾਨ
ਕੀਟਨਾਸ਼ਕ ਦਵਾਈਆਂ ਦੇ ਦੁਕਾਨਦਾਰ ’ਤੇ ਸ਼ੂਟਰਾਂ ਵਲੋਂ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਮਾਨਸਾ ਪੁਲੀਸ ਨੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਤੀਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਸਾਰੀ ਸਚਾਈ ਸਾਹਮਣੇ ਆਵੇਗੀ। ਮਾਨਸਾ ਪੁਲੀਸ ਦੀ 72 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਫੜਨ ਦੀ ਕਾਰਵਾਈ ਨੂੰ ਲੈ ਕੇ ਡੀ ਜੀਆਈ ਬਠਿੰਡਾ ਰੇਂਜ ਹਰਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਉਨ੍ਹਾਂ ਨੇ ਵਾਰਦਾਤ ਮਗਰੋਂ ਭੱਜਦੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰਨ ਵਾਲੇ ਬੁਜ਼ਰਗ ਗ੍ਰੰਥੀ ਜੁਗਰਾਜ ਸਿੰਘ, ਸ਼ੇਰੂ ਗਰਗ, ਸੁਖਬੀਰ ਸਿੰਘ ਨੂੰ ਸਨਮਾਨਤ ਕੀਤਾ। ਡੀ ਆਈ ਜੀ ਬਠਿੰਡਾ ਰੇਂਜ ਹਰਜੀਤ ਸਿੰਘ ਤੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਦੁਕਾਨਦਾਰ ’ਤੇ ਗੋਲੀਬਾਰੀ ਮਾਮਲੇ ’ਚ ਪੁਲੀਸ ਨੇ 2 ਸ਼ੂਟਰਾਂ ਗੁਰਸਾਹਿਬ ਸਿੰਘ ਵਾਸੀ ਗੁਰੂ ਨਾਨਕਪੁਰਾ ਰੋਪੜ ਤੇ ਰਮਨਪ੍ਰੀਤ ਸਿੰਘ ਵਾਸੀ ਪੁਖਰਾਲੀ ਰਾਮਪੁਰ ਜ਼ਿਲ੍ਹਾ ਰੋਪੜ ਨੂੰ ਲੰਘੇ ਦਿਨ ਗ੍ਰਿਫ਼ਤਾਰ ਕੀਤਾ ਸੀ ਤੇ ਹੁਣ ਤੀਜੇ ਮੁਲਜ਼ਮ ਬਲਜਿੰਦਰ ਸਿੰਘ ਵਾਸੀ ਰੋਪੜ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ। ਉਨ੍ਹਾਂ ਕਿਹਾਕ ਕਿ ਦੁਕਾਨਦਾਰ ’ਤੇ ਹਮਲਾ ਕਰਨ ਪਿੱਛੇ ਇਰਾਦੇ ਦਾ ਪਤਾ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੁਕਾਨਦਾਰ ’ਤੇ ਗੋਲੀਆਂ ਚਲਾ ਕੇ ਭੱਜੇ ਮੁਲਜ਼ਮਾਂ ਨੂੰ ਜੱਫਾ ਪਾਕੇ ਫੜ੍ਹਨ ਦੀ ਕੋਸ਼ਿਸ਼ ਕਰਨ ਵਾਲੇ ਬਜ਼ੁਰਗ ਜੁਗਰਾਜ ਸਿੰਘ, ਨੂੰ ਸਨਮਾਨਿਤ ਕੀਤਾ। ਦੂਜੇ ਪਾਸੇ ਪੁਲੀਸ ਨਾਲ ਗੋਲੀਬਾਰੀ ’ਚ ਜ਼ਖਮੀ ਹੋਇਆ ਸ਼ੂਟਰ ਗੁਰਸਾਹਿਬ ਸਿੰਘ ਸਿਵਲ ਹਸਪਤਾਲ ਮਾਨਸਾ ਵਿਖੇ ਜ਼ੇਰੇ ਇਲਾਜ ਹੈ।

