ਸ਼੍ਰੋਮਣੀ ਅਕਾਲੀ ਦਲ ਨੇ ਨਿਗਮ ਦਫ਼ਤਰ ਘੇਰਿਆ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਵੱਲੋਂ ਪੀਣ ਲਈ ਦੂਸ਼ਿਤ ਪਾਣੀ ਸਪਲਾਈ, ਸੀਵਰੇਜ ਦੇ ਨਿਕਾਸ, ਟੁੱਟੀਆਂ ਸੜਕਾਂ, ਸਟਰੀਟ ਲਾਈਟਾਂ ਦੀ ਸਮੱਸਿਆ ਅਤੇ ਸੁੰਦਰੀਕਰਨ ਦੇ ਨਾਮ ’ਤੇ ਪੈਸੇ ਦੀ...
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਵੱਲੋਂ ਪੀਣ ਲਈ ਦੂਸ਼ਿਤ ਪਾਣੀ ਸਪਲਾਈ, ਸੀਵਰੇਜ ਦੇ ਨਿਕਾਸ, ਟੁੱਟੀਆਂ ਸੜਕਾਂ, ਸਟਰੀਟ ਲਾਈਟਾਂ ਦੀ ਸਮੱਸਿਆ ਅਤੇ ਸੁੰਦਰੀਕਰਨ ਦੇ ਨਾਮ ’ਤੇ ਪੈਸੇ ਦੀ ਦੁਰਵਰਤੋਂ ਖ਼ਿਲਾਫ਼ ਨਿਗਮ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਸੰਜੀਤ ਸਿੰਘ ਸੰਨੀ ਗਿੱਲ ਨੇ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਘਟੀਆ ਸਮੱਗਰੀ, ਸੁੰਦਰੀਕਰਨ ਦੀ ਆੜ ’ਚ ਪੈਸੇ ਦੀ ਦੁਰਵਰਤੋਂ ਦਾ ਦੋਸ਼ ਲਗਾਉਂਦੇ ਵਿਜੀਲੈਂਸ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖ ਦੀ ਮੁੱਢਲੀ ਜ਼ਰੂਰਤ ਪਾਣੀ ਹੁੰਦੀ ਹੈ ਅਤੇ ਨਿਗਮ ਲੋਕਾਂ ਨੂੰ ਸ਼ੁੱਧ ਪਾਣੀ ਵੀ ਦੇਣ ’ਚ ਅਸਫਲ ਸਾਬਤ ਹੋ ਰਹੀ ਹੈ। ਲੋਕ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਲੋਕ ਕਾਲਾ ਪੀਲੀਆ ਆਦਿ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਤੇ ਕਈ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਬੱਚੇ ਅਤੇ ਬਜ਼ੁਰਗ ਇਨ੍ਹਾਂ ਗੰਭੀਰ ਬਿਮਾਰੀਆਂ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨਿਗਮ ਦੀ ਲਾਪ੍ਰਵਾਹੀ ਨਾਲ ਮੌਤ ਦੇ ਮੂੰਹ ਵਿੱਚ ਗਏ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਬਿਮਾਰ ਲੋਕਾਂ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ। ਸੀਵਰੇਜ ਦਾ ਐਨਾ ਕੁ ਮਾੜਾ ਹਾਲ ਹੈ ਕਿ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਭਰ ਜਾਂਦਾ ਹੈ ਜੋ ਬਿਮਾਰੀਆਂ ਦਾ ਕਾਰਨ ਬਣਦਾ ਹੈ। ਨਗਰ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ ਅਤੇ ਹਾਕਮ ਧਿਰ ਇਸ ਨੂੰ ਆਪਣੀ ਜਗੀਰ ਸਮਝ ਰਹੀ ਹੈ। ਪਰ ਹਾਲਾਤ ਇਹ ਹਨ ਕਿ ਸ਼ਹਿਰ ਵਾਸੀ ਸਹੂਲਤਾਂ ਨੂੰ ਤਰਸ ਰਹੇ ਹਨ ਆਊਟਰ ਏਰੀਏ ਦੀ ਵਸੋਂ ਵਾਲੇ ਖੇਤਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਉਹ ਲੋਕ ਬਿਨਾਂ ਸੀਵਰੇਜ ਪਾਣੀ ਦੇ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਸੰਘਣੀ ਵਸੋਂ ਵਿੱਚ ਖੁੱਲ੍ਹੇ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਮੇਨ ਬਾਜ਼ਾਰ ਹੋਣ ਕਾਰਨ ਉੱਥੋਂ ਫੈਲਦੀ ਬਦਬੂ ਵਿੱਚੋਂ ਲੰਘਣਾ ਮੁਹਾਲ ਹੈ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਬਜਾਏ ਸ਼ਹਿਰ ਦੀ ਸੁੰਦਰਤਾ ਦੇ ਨਾਮ ’ਤੇ ਕਰੋੜਾਂ ਰੁਪਏ ਦਾ ਨਾਜਾਇਜ਼ ਖਰਚਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਬਰਜਿੰਦਰ ਸਿੰਘ ਮੱਖਣ ਬਰਾੜ, ਰਾਜਵਿੰਦਰ ਸਿੰਘ ਧਰਮਕੋਟ, ਰਾਜਿੰਦਰ ਸਿੰਘ ਡੱਲਾ, ਰਵਦੀਪ ਸਿੰਘ ਦਾਰਾਪੁਰ, ਮਾਸਟਰ ਗੁਰਦੀਪ ਸਿੰਘ ਮਹੇਸਰੀ, ਬਿਪਨਪਾਲ ਸਿੰਘ ਖੋਸਾ, ਨਰਿੰਦਰ ਸਿੰਘ ਬੁੱਕਣ ਵਾਲਾ ਤੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਸ਼ਹਿਰੀ ਮੌਜੂਦ ਸਨ।

